#PUNJAB

ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਵਸੂਲਣ ਵਾਲਾ ਕੈਨੇਡਾ ਤੋਂ ਚੱਲਦਾ 10 ਮੈਂਬਰੀ ਗਰੋਹ ਬੇਨਕਾਬ

ਮੋਗਾ ਸੀ.ਆਈ.ਏ. ਸਟਾਫ਼ ਪੁਲਿਸ ਵੱਲੋਂ ਇਕੋ ਪਿੰਡ ਚੜਿੱਕ ਦੇ ਰਹਿਣ ਵਾਲੇ ਗਰੋਹ ਦੇ 5 ਮੈਂਬਰ ਕਾਬੂ
ਮੋਗਾ, 14 ਨਵੰਬਰ (ਪੰਜਾਬ ਮੇਲ)- ਮੋਗਾ ਸੀ.ਆਈ.ਏ. ਸਟਾਫ਼ ਪੁਲਿਸ ਨੇ ਕੈਨੇਡਾ ਤੋਂ ਚੱਲ ਰਹੇ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਵਸੂਲਣ ਵਾਲੇ 10 ਮੈਂਬਰੀ ਗਰੋਹ ਨੂੰ ਬੇਨਕਾਬ ਕਰ ਕੇ ਇਸ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਪੰਜੇ ਮੁਲਜ਼ਮ ਇਕੋ ਪਿੰਡ ਨਾਲ ਸਬੰਧਤ ਹਨ।
ਸੀ.ਆਈ.ਏ. ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਵਸੂਲਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਕਿਹਾ ਕਿ ਹੋਰ ਵੇਰਵੇ ਪ੍ਰੈੱਸ ਕਾਨਫਰੰਸ ਵਿਚ ਸਾਂਝੇ ਕੀਤੇ ਜਾਣਗੇ। ਪੁਲਿਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਗਰੋਹ ਮੈਂਬਰਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼, ਗੁਰਜੀਤ ਸਿੰਘ ਉਰਫ਼ ਜੱਗਾ, ਹਰਦੀਪ ਸਿਘ ਉਰਫ਼ ਹਨੀ, ਕੁਲਦੀਪ ਸਿੰਘ ਉਰਫ਼ ਲੱਡੂ ਅਤੇ ਗਰਦੌਰ ਸਿੰਘ ਵਜੋਂ ਹੋਈ ਹੈ, ਜੋ ਸਾਰੇ ਪਿੰਡ ਚੜਿੱਕ ਦੇ ਰਹਿਣ ਵਾਲੇ ਹਨ।
ਪੁਲਿਸ ਮੁਤਾਬਕ ਇਸੇ ਪਿੰਡ ਚੜਿੱਕ ਦਾ ਲਖਵੀਰ ਸਿੰਘ ਉਰਫ਼ ਲੱਕੀ ਕੈਨੇਡਾ ਤੋਂ ਇਹ ਨੈੱਟਵਰਕ ਚਲਾ ਰਿਹਾ ਹੈ। ਉਹ ਵਿਦੇਸ਼ ਤੋਂ ਕਾਰੋਬਾਰੀਆਂ ਆਦਿ ਨੂੰ ਫ਼ਿਰੌਤੀ ਲਈ ਕਾਲ ਕਰਦਾ ਹੈ ਅਤੇ ਫ਼ਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਫ਼ਿਰੌਤੀ ਵਸੂਲਣ ਦਾ ਕੰਮ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਦੱਖਣੀ ‘ਚ ਕੇਸ ਦਰਜ ਕੀਤਾ ਹੈ।