#CANADA

ਕਾਫ਼ਲੇ ਵੱਲੋਂ ਡਾ. ਮੋਹਨਜੀਤ, ਹਰਬੰਸ ਹੀਓਂ ਨੂੰ ਸ਼ਰਧਾਂਜਲੀ ਅਤੇ ਮਲਵਿੰਦਰ ਦੀ ਕਿਤਾਬ ‘ਤੇ ਭਰਵੀਂ ਗੱਲਬਾਤ

ਬਰੈਂਪਟਨ, 30 ਅਪ੍ਰੈਲ (ਪੰਜਾਬ ਮੇਲ)- ”ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨੇਵਾਰ ਮੀਟਿੰਗ ਨਵੇਂ ਬਣੇ ਸੰਚਾਲਕਾਂ ਕੁਲਵਿੰਦਰ ਖਹਿਰਾ, ਰਛਪਾਲ ਕੌਰ ਗਿੱਲ ਤੇ ਪਿਆਰਾ ਸਿੰਘ ਕੱਦੋਵਾਲ ਦੀ ਸਰਪ੍ਰਸਤੀ ਹੇਠ, ਭਰਵੀਂ ਹਾਜ਼ਰੀ ਵਿਚ 27 ਅਪ੍ਰੈਲ, 2024 ਨੂੰ ਸਪਰਿੰਗਡੇਲ ਲਾਇਬਰੇਰੀ ਵਿਖੇ ਸੰਪੂਰਨ ਹੋਈ।
ਪਹਿਲੇ ਸੈਸ਼ਨ ਵਿਚ ਕੁਲਵਿੰਦਰ ਖਹਿਰਾ ਨੇ ਸਟੇਜ ਸੰਭਾਲਦਿਆ ਕਾਫ਼ਲੇ ਦੇ ਸੰਵਿਧਾਨਕ ਨਿਯਮਾਂ ਤੇ ਲਾਇਬਰੇਰੀ ਦੇ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਤੋਂ ਬਾਦ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਡਾ. ਮੋਹਨਜੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿਆਰਾ ਸਿੰਘ ਕੁੱਦੋਵਾਲ ਨੇ ਉਨ੍ਹਾਂ ਦੇ ਜੀਵਨ ਤੇ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਤੋਂ ਬਾਦ ਡਾ. ਨਾਹਰ ਸਿੰਘ ਨੇ ਡਾ. ਮੋਹਨਜੀਤ ਦੀਆਂ ਲਿਖਤਾਂ ਤੇ ਉਨ੍ਹਾਂ ਦੇ ਵਡੱਪਣ ਬਾਰੇ ਗੱਲਬਾਤ ਕੀਤੀ ਕਿ ਡਾ. ਮੋਹਨਜੀਤ ਵਾਸਤੇ ਸਨਮਾਨਾਂ ਦੀ ਅਹਿਮੀਅਤ ਨਹੀਂ ਸੀ, ਉਨ੍ਹਾਂ ਦਾ ਮੰਨਣਾ ਸੀ ਸਨਮਾਨ ਕਿਸੇ ਲੇਖਕ ਦਾ ਕੱਦ ਵੱਡਾ ਜਾਂ ਛੋਟਾ ਨਹੀਂ ਕਰਦੇ। ਕਿਸਾਨ ਅੰਦੋਲਨ ਸਮੇਂ ਸਭ ਤੋਂ ਪਹਿਲਾਂ ਆਪਣਾ ਸਨਮਾਨ ਚਿੰਨ੍ਹ ਵਾਪਸ ਕਰਨ ਵਾਲੇ ਡਾ. ਮੋਹਨਜੀਤ ਹੀ ਸਨ। ਸਾਰੇ ਮੈਂਬਰਾਂ ਵਲੋਂ ਇੱਕ ਮਿੰਟ ਦਾ ਮੋਨ ਵੀ ਰੱਖਿਆ ਗਿਆ।
ਰਛਪਾਲ ਕੌਰ ਗਿੱਲ ਨੇ ਪਿਛਲੇ ਦੋ ਸਾਲਾਂ ਤੋਂ ਰਹੇ ਕਾਫ਼ਲੇ ਦੇ ਸੰਚਾਲਕਾਂ ਭੁਪਿੰਦਰ ਦੁਲੇ, ਜਤਿੰਦਰ ਰੰਧਾਵਾ ਤੇ ਬਲਰਾਜ ਧਾਲੀਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਬਹੁਤ ਸੁਹਿਰਦਤਾ ਤੇ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਦੇ ਇਲਾਵਾ ਸਾਰੇ ਮੈਂਬਰ ਸਾਹਿਬਾਨ ਨੂੰ ਭਵਿੱਖ ਵਿਚ ਕਾਫ਼ਲੇ ਦੇ ਕਾਰਜਾਂ ਲਈ ਸਹਿਯੋਗ ਲਈ ਬੇਨਤੀ ਕੀਤੀ, ਤਾਂ ਕਿ ਕਾਫ਼ਲੇ ਵੱਲੋਂ ਪੰਜਾਬੀ ਦੀ ਪ੍ਰਫੁੱਲਤਾ ਲਈ ਵੱਧ ਤੋਂ ਵੱਧ ਕਾਰਜ ਕੀਤੇ ਜਾਣ।
ਦੂਸਰੇ ਸੈਸ਼ਨ ਵਿਚ ਮਲਵਿੰਦਰ ਦੀ ਵਾਰਤਿਕ ਦੀ ਪਲੇਠੀ ਕਿਤਾਬ, ‘ਚੁੱਪ ਦਾ ਮਰਮ ਪਛਾਣੀਏ’ ਬਾਰੇ ਖੁੱਲ੍ਹ ਕੇ ਗਲਬਾਤ ਹੋਈ, ਜਿਸ ਵਿਚ ਪਰਮਜੀਤ ਦਿਓਲ, ਸ਼ਮੀਲ, ਗੁਰਦੇਵ ਚੌਹਾਨ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਹਿੱਸਾ ਲਿਆ। ਇਸ ਦੇ ਇਲਾਵਾ ਪੂਰਨ ਸਿੰਘ ਪਾਂਧੀ ਨੇ ਵਾਰਤਿਕ ਦੇ ਨੁਕਤਿਆਂ ਬਾਰੇ ਗੱਲਬਾਤ ਕਰਦਿਆਂ ਕੁਝ ਕੁ ਵਧੀਆ ਵਾਰਤਿਕ ਲਿਖਾਰੀਆਂ, ਜਿਵੇਂ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ ਦੀ ਉਦਾਹਰਣ ਦਿੱਤੀ। ਇਸੇ ਤਰ੍ਹਾਂ ਪਿਆਰਾ ਸਿੰਘ ਕੁੱਦੋਵਾਲ ਨੇ ਵਾਰਤਿਕ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਦਿਆਂ ਹੋਇਆ ਮਲਵਿੰਦਰ ਦੀ ਵਾਰਤਿਕ ਦੀ ਕਿਤਾਬ ਦੀ ਭਰਪੂਰ ਸਿਫ਼ਤ ਕੀਤੀ। ਪਰਮਜੀਤ ਦਿਓਲ ਨੇ ਕਿਤਾਬ ਦੇ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸ਼ਮੀਲ ਨੇ ਕਿਤਾਬ ‘ਚੋਂ ਵਾਰਤਿਕ ਦੀ ਵੰਨਗੀ ਸਾਂਝੀ ਕਰਦਿਆਂ ਹੋਇਆਂ ਆਪਣੇ ਵਿਚਾਰ ਸਾਂਝੇ ਕੀਤੇ। ਗੁਰਦੇਵ ਚੌਹਾਨ ਨੇ ਸੰਖੇਪ ਵਿਚ ਕਿਤਾਬ ਬਾਰੇ ਗੱਲਬਾਤ ਕੀਤੀ ਕਿਉਂਕਿ ਉਨ੍ਹਾਂ ਕਿਹਾ ਕਿ ਮੈਂ ਕਿਤਾਬ ਬਾਰੇ ਕਾਫੀ ਵਿਸਥਾਰ ਨਾਲ ਮੁੱਖਬੰਦ ਲਿਖ ਚੁੱਕਾ ਹਾਂ। ਇਸ ਸੈਸ਼ਨ ਦੇ ਅਖੀਰ ‘ਤੇ ਮਲਵਿੰਦਰ ਨੇ ਕਿਤਾਬ ਬਾਰੇ ਬੋਲਣ ਵਾਲੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਛੇ ਕਿਤਾਬਾਂ ਛਪ ਚੁੱਕੀਆਂ ਹੋਣ ਦੇ ਬਾਵਜੂਦ ਉਹ ਆਪਣੀਆਂ ਕਵਿਤਾਵਾਂ ਤੋਂ ਏਨਾ ਸੰਤੁਸ਼ਟ ਨਹੀਂ ਹਨ ਅਤੇ ਹੁਣ ਉਨ੍ਹਾਂ ਵਾਰਤਿਕ ਵੱਲ ਮੁਹਾਰਾਂ ਮੋੜੀਆਂ ਹਨ।
ਬਲਦੇਵ ਰਹਿਪਾ ਨੇ 26 ਮਈ ਨੂੰ ਹੋ ਰਹੇ ਬਰੈਂਪਟਨ ਹਾਫ ਮੈਰਾਥਾਨ (Brampton Half Marathon) ਜੋ Terry Fox stadium, Chinguacousy park ਵਿਚ ਹੋ ਰਿਹਾ, ਬਾਰੇ ਜਾਣਕਾਰੀ ਦਿੱਤੀ ਅਤੇ ਉਸ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਤੀਸਰੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸਦੇ ਮੁੱਖ ਮਹਿਮਾਨ ਮਲੇਰਕੋਟਲਾ, ਪੰਜਾਬ ਤੋਂ ਆਏ ਨੂਰ ਮੁਹੰਮਦ ਨੂਰ ਸਨ। ਇਸ ਵਿਚ ਹਾਜ਼ਰ ਕਵੀਆਂ ਨੇ ਆਪੋ-ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕੀਤੇ। ਰਿੰਟੂ ਭਾਟੀਆ ਨੇ ਬੁਲੇਸ਼ਾਹ ਦੀ ਕਾਫ਼ੀ ਗਾ ਕੇ ਇਸ ਸੈਸ਼ਨ ਦੀ ਸ਼ੁਰੂਆਤ ਕੀਤੀ। ਮਨਰਾਜ ਬੈਨੀਪਾਲ, ਪ੍ਰਤੀਕ, ਸੁਖਚਰਨਜੀਤ ਕੌਰ ਗਿੱਲ, ਸੁਰਿੰਦਰਜੀਤ ਕੌਰ, ਨਰਿਤਮ ਕੌਰ, ਹਜ਼ਰਤ ਸ਼ਾਮ, ਜਸਪਾਲ ਦੇਸੂਵੀ, ਮੁਹਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਡਾ. ਕ੍ਰਿਸ਼ਨ ਚੰਦ, ਬਲਰਾਜ ਧਾਲੀਵਾਲ, ਜਤਿੰਦਰ ਰੰਧਾਵਾ, ਗਿਆਨ ਸਿੰਘ ਦਰਦੀ, ਗੁਰਦੇਵ ਸਿੰਘ ਚੌਹਾਨ, ਸੁਰਜੀਤ ਕੌਰ ਟੋਂਰੌਂਟੋਂ, ਪਰਮਜੀਤ ਦਿਓਲ, ਨਦੀਮ ਰਸ਼ੀਦ ਤੇ ਨੂਰ ਮੁਹੰਮਦ ਨੂਰ ਨੇ ਭਾਗ ਲਿਆ।
ਇਸ ਦੇ ਇਲਾਵਾ ਮੀਟਿੰਗ ਵਿਚ ਨਿਰਮਲ ਜਸਵਾਲ, ਜਰਨੈਲ ਸਿੰਘ ਕਹਾਣੀਕਾਰ, ਕੁਲਜੀਤ ਮਾਨ, ਕਿਰਪਾਲ ਸਿੰਘ ਪੰਨੂੰ, ਡਾ. ਬਲਜਿੰਦਰ ਸਿੰਘ ਸੇਖੋਂ, ਬਲਦੇਵ ਦੂਹੜੇ, ਗੁਰਜਿੰਦਰ ਸਿੰਘ ਸੰਘੇੜਾ, ਗੁਰਦੇਵ ਮਾਨ, ਮੁਰੀਦ ਸੰਧੂ, ਬਲਜੀਤ ਧਾਲੀਵਾਲ, ਸੁਰਿੰਦਰ ਖਹਿਰਾ, ਸ਼ੁਸ਼ਮਾ ਰਾਣੀ, ਗੁਰਦਿਆਲ ਸਿੰਘ ਬੱਲ, ਅਮਨਪ੍ਰੀਤ ਸਿੰਘ ਧਾਲੀਵਾਲ, ਗੁਰਚਰਨਜੀਤ ਬਟਾਲਾ, ਵਿਕਰਾਂਤ ਸਿੰਘ, ਬਲਵਿੰਦਰ ਕੌਰ ਰੰਧਾਵਾ, ਹਰਜਿੰਦਰ ਸਿੰਘ ਗਿੱਲ, ਡਾ. ਮਹਿੰਦਰ ਸਿੰਘ ਗਿੱਲ, ਡਾ. ਜਗਜੀਵਨ ਧਾਲੀਵਾਲ, ਸਿਕੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਸਰਪੰਚ ਸਤਨਾਮ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਸਿੱਧੂ, ਮੋਹਣ ਸਿੰਘ ਮਾਂਗਟ, ਮਨਮੋਹਨ ਗੁਲਾਟੀ, ਦਰਸ਼ਨ ਸਿੰਘ ਬੈਨੀਪਾਲ, ਨਵਰਾਜ ਸਿੰਘ ਬੈਨੀਪਾਲ, ਸੁਰਿੰਦਰ ਸਿੰਘ, ਪਰਮਜੀਤ ਗਿੱਲ ਕਲੋਨਾ ਬੀ.ਸੀ. ਤੋਂ, ਹੀਰਾ ਲਾਲ ਅਗਨੀਹੋਤਰੀ, ਗੁਰਬਖਸ਼ ਕੌਰ ਬੈਂਸ ਤੇ ਲਾਲ ਸਿੰਘ ਬੈਂਸ ਨੇ ਹਾਜ਼ਰੀ ਲਵਾਈ।
ਕੁਲਵਿੰਦਰ ਖਹਿਰਾ ਨੇ ਜਿਥੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ, ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ, ਉਥੇ ਹਰਬੰਸ ਹੀਓ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਇਜ਼ਹਾਰ ਵੀ ਕੀਤਾ। ਮੀਟਿੰਗ ਦੇ ਅਖੀਰ ‘ਤੇ ਪਿਆਰਾ ਸਿੰਘ ਕੁੱਦੋਵਾਲ ਨੇ ਮੀਟਿੰਗ ‘ਚ ਆਏ ਸਾਰੇ ਲੇਖਕ, ਮੈਂਬਰ ਸਾਹਿਬਾਨ, ਮਹਿਮਾਨਾਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ।
ਕੈਪਸ਼ਨ
ਅਪ੍ਰੈਲ ਮਹੀਨੇ ਦੀ ਮੀਟਿੰਗ ਤਸਵੀਰਾਂ ਦੀ ਜ਼ੁਬਾਨੀ।