-ਚੰਨੀ ਨੂੰ ਜਲੰਧਰ ਤੋਂ ਅਤੇ ਖਹਿਰਾ ਨੂੰ ਸੰਗਰੂਰ ਤੋਂ ਮਿਲੀ ਟਿਕਟ
ਚੰਡੀਗੜ੍ਹ, 15 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦੋ ਦਿਨ ਪਹਿਲਾਂ ਸਕਰੀਨਿੰਗ ਕਮੇਟੀ ਨੇ ਪਹਿਲੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਮਗਰੋਂ ਕਮੇਟੀ ਨੂੰ ਨਾਵਾਂ ਸਬੰਧੀ ਸਿਫ਼ਾਰਸ਼ ਭੇਜ ਦਿੱਤੀ ਸੀ। ਕਾਂਗਰਸ ਨੇ ਐਤਕੀਂ ਚੋਣ ਪਿੜ ਵਿਚ ਦੋ ਮੌਜੂਦਾ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ) ਤੇ ਅਮਰ ਸਿੰਘ (ਫਤਹਿਗੜ੍ਹ ਸਾਹਿਬ) ਨੂੰ ਮੁੜ ਉਤਾਰਿਆ ਹੈ, ਜਦੋਂਕਿ ਚਾਰ ਸੀਟਾਂ ‘ਤੇ ਚਰਨਜੀਤ ਸਿੰਘ ਚੰਨੀ (ਜਲੰਧਰ ਰਾਖਵੀਂ), ਮੌਜੂਦਾ ਵਿਧਾਇਕ ਸੁਖਪਾਲ ਖਹਿਰਾ (ਸੰਗਰੂਰ), ਜੀਤਮਹਿੰਦਰ ਸਿੰਘ ਸਿੱਧੂ (ਬਠਿੰਡਾ) ਤੇ ਧਰਮਵੀਰ ਗਾਂਧੀ (ਪਟਿਆਲਾ) ਨਵੇਂ ਚਿਹਰੇ ਉਤਾਰੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਹਿਲੀ ਸੂਚੀ ਹਲੂਣਾ ਦੇਣ ਵਾਲੀ ਹੈ ਕਿਉਂਕਿ ਬਠਿੰਡਾ ਹਲਕੇ ਤੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦਾਅਵੇਦਾਰ ਸੀ। ਕੇਂਦਰੀ ਚੋਣ ਕਮੇਟੀ ਵੱਲੋਂ ਜਾਰੀ ਸੂਚੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਉਤਾਰਿਆ ਗਿਆ ਹੈ, ਜਦੋਂ ਕਿ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਅਤੇ ਅਮਰ ਸਿੰਘ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਚੰਨੀ ਪਹਿਲਾਂ ਹੀ ਜਲੰਧਰ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਜਲੰਧਰ ਹਲਕੇ ਤੋਂ ਮਰਹੂਮ ਸੰਤੋਖ ਚੌਧਰੀ ਦਾ ਪਰਿਵਾਰ ਵੀ ਦਾਅਵੇਦਾਰੀ ਜਤਾ ਰਿਹਾ ਸੀ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਟਿਕਟ ਲੈਣ ਵਿਚ ਕਾਮਯਾਬ ਹੋਏ ਹਨ, ਜਿਨ੍ਹਾਂ ਨੇ 11 ਮਾਰਚ 2017 ਨੂੰ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਜਿੱਤੀ ਸੀ ਅਤੇ ਮੁੜ 2019 ਵਿਚ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਹਰਾਇਆ ਸੀ। ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਬਾਜ਼ੀ ਮਾਰ ਗਏ ਹਨ, ਜੋ ਸਿਆਸਤ ਦੀ ਸ਼ੁਰੂਆਤ ਵਿਚ ਤਲਵੰਡੀ ਸਾਬੋ ਤੋਂ ਚੋਣ ਹਾਰ ਗਏ ਸਨ ਅਤੇ 2002 ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸਨ। ਕਾਂਗਰਸੀ ਟਿਕਟ ‘ਤੇ ਉਨ੍ਹਾਂ ਨੇ 2007 ਅਤੇ 2012 ਦੀ ਚੋਣ ਜਿੱਤੀ। 2014 ‘ਚ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਸਾਲ 2014 ‘ਚ ਅਕਾਲੀ ਦਲ ਤਰਫ਼ੋਂ ਚੋਣ ਜਿੱਤੀ। ਸਿੱਧੂ ਨੇ ਪਿਛਲੇ ਸਾਲ 13 ਅਕਤੂਬਰ ਨੂੰ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ। ਕਾਂਗਰਸ ਨੇ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ, ਜਿਸ ਨਾਲ ਸੰਗਰੂਰ ਦੀ ਸੀਟ ਦਿਲਚਸਪ ਬਣ ਗਈ ਹੈ। ਖਹਿਰਾ 2007 ਵਿਚ ਭੁਲੱਥ ਤੋਂ ਵਿਧਾਇਕ ਬਣੇ ਅਤੇ 2014 ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ‘ਆਪ’ ਵਿਚ ਸ਼ਾਮਲ ਹੋ ਗਏ। 2017 ਵਿਚ ‘ਆਪ’ ਟਿਕਟ ‘ਤੇ ਵਿਧਾਇਕ ਬਣੇ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਨ੍ਹਾਂ ਫਿਰ ‘ਆਪ’ ਨੂੰ ਅਲਵਿਦਾ ਕਿਹਾ ਅਤੇ ਪੰਜਾਬ ਏਕਤਾ ਪਾਰਟੀ ਬਣਾ ਕੇ 2019 ਵਿਚ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜੀ ਸੀ। ਉਹ ਚੋਣ ਹਾਰ ਗਏ ਸਨ। ਪਟਿਆਲਾ ਹਲਕੇ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਅਤੇ ਡਾ. ਗਾਂਧੀ ਨੇ ਪਹਿਲੀ ਦਫ਼ਾ 2014 ਵਿਚ ‘ਆਪ’ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ 2018 ਵਿਚ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਦੂਸਰੀ ਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਲਿਸਟ ‘ਚ ਕਾਂਗਰਸ ਪਾਰਟੀ ਨੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸਾਂਸਦ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਸੀ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਭਾਜਪਾ ਨੇ ਪੰਜਾਬ ਦੇ 6 ਹਲਕਿਆਂ ‘ਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ‘ਚ ਸੁਸ਼ੀਲ ਕੁਮਾਰ ਰਿੰਕੂ (ਜਲੰਧਰ), ਰਵਨੀਤ ਸਿੰਘ ਬਿੱਟੂ (ਲੁਧਿਆਣਾ), ਪਰਨੀਤ ਕੌਰ (ਪਟਿਆਲਾ), ਹੰਸ ਰਾਜ ਹੰਸ (ਫਰੀਦਕੋਟ), ਤਰਨਜੀਤ ਸਿੰਘ ਸੰਧੂ (ਅੰਮ੍ਰਿਤਸਰ) ਤੇ ਦਿਨੇਸ਼ ਸਿੰਘ ਬੱਬੂ (ਗੁਰਦਾਸਪੁਰ) ਦੇ ਨਾਂ ਸ਼ਾਮਲ ਸਨ।
ਉਸ ਤੋਂ ਪਹਿਲਾਂ ‘ਆਪ’ ਨੇ ਵੀ 8 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਸੀ, ਜਿਸ ‘ਚ ਪਾਰਟੀ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (ਅੰਮ੍ਰਿਤਸਰ), ਮੰਤਰੀ ਲਾਲਜੀਤ ਸਿੰਘ ਭੁੱਲਰ (ਖਡੂਰ ਸਾਹਿਬ), ਮੰਤਰੀ ਗੁਰਮੀਤ ਸਿੰਘ ਖੁੱਡੀਆਂ (ਬਠਿੰਡਾ), ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (ਸੰਗਰੂਰ), ਮੰਤਰੀ ਡਾ. ਬਲਬੀਰ ਸਿੰਘ (ਪਟਿਆਲਾ), ਕਰਮਜੀਤ ਅਨਮੋਲ (ਫਰੀਦਕੋਟ) ਤੇ ਗੁਰਪ੍ਰੀਤ ਸਿੰਘ (ਫਤਿਹਗੜ੍ਹ ਸਾਹਿਬ) ਨੂੰ ਉਮੀਦਵਾਰ ਐਲਾਨਿਆ ਸੀ। ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਸੀ ਪਰ ਉਹ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।
ਇਸੇ ਸਿਲਸਿਲੇ ‘ਚ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 7 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਜਿਸ ‘ਚ ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਐੱਨ.ਕੇ. ਸ਼ਰਮਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖ਼ਾਲਸਾ, ਫ਼ਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।