#INDIA

ਕਾਂਗਰਸ ਪ੍ਰਧਾਨ ਖੜਗੇ ਨੇ ਨਰਿੰਦਰ ਮੋਦੀ ‘ਤੇ ਕੱਸਿਆ ਤਨਜ਼

ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕੱਸਦਿਆਂ ਅੱਜ ਰਾਜ ਸਭਾ ਵਿਚ ਕਿਹਾ ਕਿ ਹੋ ਸਕਦਾ ਹੈ ਕਿ ਇੱਕ ਦਿਨ ਪ੍ਰਧਾਨ ਮੰਤਰੀ ਦਾਅਵਾ ਕਰਨ ਕਿ ਉਹ ‘ਸਭ ਤੋਂ ਵੱਧ ਹਰਮਨਪਿਆਰੇ’ ਹਨ ਅਤੇ ਉਨ੍ਹਾਂ ਨੂੰ ਲੋਕਤੰਤਰ ਅਤੇ ਚੋਣਾਂ ਦੀ ਲੋੜ ਨਹੀਂ ਹੈ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦੀ ਮਤੇ ਸਬੰਧੀ ਚਰਚਾ ਵਿਚ ਹਿੱਸਾ ਲੈਂਦਿਆਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਸਰਕਾਰ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਖ਼ਿਲਾਫ਼ ਪੱਖਪਾਤੀ ਰਵੱਈਆ ਅਪਣਾਉਣ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਦਲਬਦਲੂ ਬਣਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਲੋਕਾਂ ਦਾ ਲੋਕਤੰਤਰ ਵਿਚ ਭਰੋਸਾ ਹੀ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ, ”ਮੈਂ ਨਹੀਂ ਜਾਣਦਾ ਪ੍ਰਧਾਨ ਮੰਤਰੀ ਆਖ਼ਰੀ ਚੋਣਾਂ ਦਾ ਐਲਾਨ ਕਦੋਂ ਕਰਨਗੇ। ਪ੍ਰਧਾਨ ਮੰਤਰੀ ਦਾਅਵਾ ਕਰਨਗੇ ਕਿ ਉਹ ਬਹੁਤ ਹਰਮਨਪਿਅਰੇ ਹਨ ਅਤੇ ਲੋਕਤੰਤਰ ਦੀ ਕੋਈ ਲੋੜ ਨਹੀਂ ਹੈ।”