ਰਾਜਗੜ੍ਹ, 29 ਜਨਵਰੀ (ਪੰਜਾਬ ਮੇਲ)- ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਉੱਘੇ ਆਗੂ ਦਿਗਵਿਜੈ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਰਾਜਗੜ੍ਹ ਜ਼ਿਲ੍ਹੇ ਦੇ ਖਿਲਚੀਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਗਵਿਜੈ ਸਿੰਘ ਨੇ ਦੱਸਿਆ ਕਿ ਉਹ ਹਾਲੇ ਵੀ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦੇ ਅਹੁਦੇ ਦੀ ਮਿਆਦ ਹਾਲੇ ਵੀ ਦੋ ਸਾਲ ਤੋਂ ਉਪਰ ਰਹਿੰਦੀ ਹੈ, ਇਸ ਕਰਕੇ ਲੋਕ ਸਭਾ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸਣਾ ਬਣਦਾ ਹੈ ਕਿ ਦਿਗਵਿਜੈ ਸਿੰਘ ਨੇ ਸਾਲ 2019 ਵਿਚ ਭੋਪਾਲ ਲੋਕ ਸਭਾ ਚੋਣ ਲੜੀ ਸੀ ਤੇ ਉਹ ਭਾਜਪਾ ਦੀ ਪ੍ਰਗਿਆ ਸਿੰਘ ਠਾਕੁਰ ਤੋਂ 3.65 ਲੱਖ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਦਿਗਵਿਜੈ ਸਿੰਘ ਦਾ ਰਾਜਗੜ੍ਹ ਵਿਚ ਚੰਗਾ ਆਧਾਰ ਹੈ ਤੇ ਉਨ੍ਹਾਂ ਲੋਕ ਸਭਾ ਦੀ ਇਸ ਖੇਤਰ ਵਿਚੋਂ ਸਾਲ 1984 ਤੇ 1991 ‘ਚ ਨੁਮਾਇੰਦਗੀ ਕੀਤੀ ਸੀ।