#INDIA

ਕਸ਼ਮੀਰ ਵਿੱਚ ਬਰਫ਼ਬਾਰੀ ਨਾਲ ਸਾਰੀਆਂ ਹਵਾਈ ਉਡਾਣਾਂ ਰੱਦ

ਸ੍ਰੀਨਗਰ/ਚੰਡੀਗੜ੍ਹ, 4 ਫ਼ਰਵਰੀ (ਪੰਜਾਬ ਮੇਲ)-  ਕਸ਼ਮੀਰ ਵਿਚ ਸੱਜਰੀ ਬਰਫ਼ਬਾਰੀ ਨਾਲ ਸ੍ਰੀਨਗਰ ਹਵਾਈ ਅੱਡੇ ਤੋਂ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਏਅਰਪੋਰਟ ਅਥਾਰਿਟੀ (ਏਏਆਈ) ਦੇ ਅਧਿਕਾਰੀ ਨੇ ਸ੍ਰੀਨਗਰ ਵਿਚ ਖਰਾਬ ਮੌਸਮ ਕਰਕੇ ਸਾਰੀਆਂ ਉਡਾਣਾਂ ਰੱਦ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਰਫ਼ਬਾਰੀ ਸ਼ਨਿਚਰਵਾਰ ਦੇਰ ਰਾਤ ਨੂੰ ਸ਼ੁਰੂ ਹੋਈ ਸੀ। ਉਧਰ ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਮੁਹਾਲੀ, ਹਿਸਾਰ, ਅੰਬਾਲਾ, ਲੁਧਿਆਣਾ ਤੇ ਪਟਿਆਲਾ ਸਣੇ ਕਈ ਥਾਵਾਂ ’ਤੇ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਸੀ। ਇਸੇ ਤਰ੍ਹਾਂ ਲੁਧਿਆਣਾ ਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 11.1 and 11.6 ਡਿਗਰੀ ਰਿਹਾ। ਪਠਾਨਕੋਟ, ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ ਵਿਚ ਤਾਪਮਾਨ ਕ੍ਰਮਵਾਰ 9.4, 8.6, 10.8 ਤੇ 8 ਡਿਗਰੀ ਦਰਜ ਕੀਤਾ ਗਿਆ। ਹਰਿਆਣਾ ਵਿੱਚ ਅੰਬਾਲਾ ’ਚ 11.8, ਹਿਸਾਰ 11.1, ਕਰਨਾਲ 11.6, ਨਾਰਨੌਲ 11, ਰੋਹਤਕ 12.4, ਭਿਵਾਨੀ 11 ਤੇ ਸਿਰਸਾ ਵਿਚ 12.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 11.9 ਡਿਗਰੀ ਰਿਹਾ, ਜੋ ਆਮ ਨਾਲੋਂ 3 ਦਰਜੇ ਵਧ ਸੀ। ਉਧਰ ਕੌਮੀ ਰਾਜਧਾਨੀ ਦਿੱਲੀ ਵਿੱਚ ਹਲਕਾ ਮੀਂਹ ਪੈੈਣ ਦੀਆਂ ਰਿਪੋਰਟਾਂ ਹਨ। ਮੀਂਹ ਕਰਕੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 11.9 ਡਿਗਰੀ ਸੀ, ਜੋ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ ਤਿੰਨ ਦਰਜੇ ਵਧ ਸੀ।