#AMERICA

”ਕਰਮਨ ਸਿੱਖ ਐਸੋਸੀਏਸ਼ਨ” ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ

ਫਰਿਜ਼ਨੋ, 28 ਨਵੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਕਰਮਨ ਦੇ ਗੁਰਦੁਆਰਾ ਅਨੰਦਗੜ੍ਹ ਸਾਹਿਬ ਵਿਖੇ ਸਥਾਨਿਕ ”ਕਰਮਨ ਸਿੱਖ ਐਸੋਸੀਏਸ਼ਨ” ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਤਿੰਨ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਗੁਰਬਾਣੀ ਪ੍ਰਵਾਹ ਚੱਲੇ, ਜਿਸ ਦੌਰਾਨ ਰੋਜ਼ਾਨਾ ਸਵੇਰ ਅਤੇ ਸ਼ਾਮ ਦੇ ਕੀਰਤਨ ਦੀਵਾਨ ਸਜਾਏ ਗਏ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਅਤੇ ਗੁਰਬਾਣੀ ਵਿਚਾਰਾਂ ਹੋਈਆਂ, ਜਿਸ ਵਿਚ ਹਾਜ਼ਰ ਬੁਲਾਰਿਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਸਮੂਹ ਇਨਸਾਨੀਅਤ ਨੂੰ ਦੇਣਾ ਬਾਰੇ ਚਾਨਣਾ ਪਾਇਆ। ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਨੇ ਕੀਰਤਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਜਸ-ਮਹਿਮਾ ਦਾ ਵਿਖਿਆਨ ਕੀਤਾ। ਜਦਕਿ ਗਾਇਕ ਅਤੇ ਗੀਤਕਾਰ ਪੱਪੀ ਭਦੌੜ ਨੇ ਗਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਵਾਲੀ ਸਾਖੀ ਨੂੰ ਸੰਖੇਪ ਸਾਂਝਾ ਕੀਤਾ। ਇਸ ਸਮੇਂ ਖਾਸ ਤੌਰ ‘ਤੇ ਭਾਈ ਮੈਹਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਯਾਤਰਾਵਾਂ, ਲੋਕ ਭਲਾਈ ਅਤੇ ਸਿੱਖਿਆਵਾ ਦਾ ਵਰਨਣ ਕਰਦੇ ਹੋਏ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦੇ ਹੋਏ ਗੁਰਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ।
ਸਮੁੱਚੇ ਸਮਾਗਮ ਵਿਚ ਇਲਾਕੇ ਭਰ ਤੋਂ ਪਹੁੰਚ ਕੇ ਸੰਗਤਾਂ ਨੇ ਹਾਜ਼ਰੀ ਭਰਦੇ ਹੋਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਬੱਚਿਆਂ ਨੇ ਵੀ ਵੱਧਚੜ੍ਹ ਕੇ ਲੰਗਰਾਂ ਵਿਚ ਸੇਵਾਵਾਂ ਨਿਭਾਈਆਂ। ਗੁਰੂ ਦੇ ਲੰਗਰ ਤਿੰਨੇ ਦਿਨ ਅਤੁੱਟ ਵਰਤੇ। ਇਸ ਸਮੇਂ ਹਾਜ਼ਰ ਕਵੀਸ਼ਰੀ ਜੱਥੇ ਨੂੰ ਵੀ ਕਰਮਨ ਸਿੱਖ ਐਸੋਸੀਏਸ਼ਨ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਗੱਲ ਕਰਦੇ ਹੋਏ, ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਗੁਰਪੁਰਬ ਨੂੰ ਸਮਰਪਿਤ ਸਮਾਗਮ ਯਾਦਗਾਰੀ ਹੋ ਨਿਬੜਿਆਂ।
ਫੋਟੋ
ਕਵੀਸ਼ਰੀ ਜੱਥੇ ਨੂੰ ਸਿਰੋਪਾਓ ਦੇਣ ਸਮੇਂ ਹਜ਼ੂਰੀ ਜੱਥਾ ਅਤੇ ਪ੍ਰਬੰਧਕ।