#INDIA

ਕਰਨਾਟਕ ਪੁਲਿਸ ਵੱਲੋਂ ਬੰਗਲੌਰ ਕੈਫੇ ਧਮਾਕੇ ਦੀ ਜਾਂਚ ਤੇਜ਼

-ਮਸ਼ਕੂਕ ਦੀ ਸੀ.ਸੀ.ਟੀ.ਵੀ. ਕੈਮਰੇ ‘ਚ ਤਸਵੀਰ ਕੈਦ
ਬੰਗਲੌਰ, 2 ਮਾਰਚ (ਪੰਜਾਬ ਮੇਲ)- ਕਰਨਾਟਕ ਪੁਲਿਸ ਨੇ ਇੱਥੇ ਪ੍ਰਸਿੱਧ ਰੈਸਟੋਰੈਂਟ ਵਿਚ ਹੋ ਬੰਬ ਧਮਾਕੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਧਮਾਕੇ ‘ਚ 10 ਵਿਅਕਤੀ ਜ਼ਖ਼ਮੀ ਹੋਏ ਹਨ। ਬਰੁਕਫੀਲਡ ਇਲਾਕੇ ਵਿਚ ਰਾਮੇਸ਼ਵਰਮ ਕੈਫੇ ਅਤੇ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਮਸ਼ਕੂਕ ਮੁਲਜ਼ਮਾਂ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਹਾਸਲ ਹੋਈਆਂ ਹਨ। ਸ਼ੁੱਕਰਵਾਰ ਦੇਰ ਰਾਤ ਇਸ ਮਾਮਲੇ ‘ਚ ਪੁੱਛ-ਪੜਤਾਲ ਲਈ ਇਕ ਵਿਅਕਤੀ ਨੂੰ ਹਿਰਾਸਤ ‘ਚ ਲਏ ਜਾਣ ਦੀਆਂ ਖ਼ਬਰਾਂ ਹਨ ਪਰ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਧਮਾਕੇ ਦੇ ਮੱਦੇਨਜ਼ਰ ਮੁੱਖ ਮੰਤਰੀ ਸਿਧਾਰਮਈਆ ਨੇ ਅੱਜ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ। ਕੇਂਦਰੀ ਅਪਰਾਧ ਸ਼ਾਖਾ (ਸੀ.ਸੀ.ਬੀ.) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੱਤ ਤੋਂ ਅੱਠ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਅਨੁਸਾਰ ਰੈਸਟੋਰੈਂਟ ਵਿਚ ਗਾਹਕ ਹੱਥ ਧੋਣ ਵਾਲੇ ਖੇਤਰ ਦੇ ਕੋਲ ਬੈਗ ਛੱਡ ਗਿਆ, ਜਿਸ ਵਿਚ ਟਾਈਮਰ ਨਾਲ ਲੈਸ ਆਈ.ਈ.ਡੀ. ਧਮਾਕਾ ਹੋਇਆ। ਸੂਤਰਾਂ ਨੇ ਦੱਸਿਆ ਕਿ ਬੈਗ ਫੜੇ ਮਸ਼ਕੂਕ ਨੇ ਆਪਣੀ ਪਛਾਣ ਛੁਪਾਉਣ ਲਈ ਟੋਪੀ ਅਤੇ ਮਾਸਕ ਪਾਇਆ ਹੋਇਆ ਸੀ।