ਬੰਗਲੌਰ, 27 ਨਵੰਬਰ (ਪੰਜਾਬ ਮੇਲ)- ਕਰਨਾਟਕ ‘ਚ ਤਿੰਨ ਸਾਲਾਂ ਦੌਰਾਨ ਕਰੀਬ 900 ਗੈਰ-ਕਾਨੂੰਨੀ ਗਰਭਪਾਤ ਕਰਨ ਦੇ ਦੋਸ਼ ‘ਚ ਬੰਗਲੌਰ ਪੁਲਿਸ ਨੇ ਡਾਕਟਰ ਅਤੇ ਉਸ ਦੇ ਸਹਾਇਕ ਟੈਕਨੀਸ਼ੀਅਨ ਨੂੰ ਗ੍ਰਿਫਤਾਰ ਕੀਤਾ ਹੈ। ਡਾਕਟਰ ਚੰਦਨ ਬੱਲਾਲ ਅਤੇ ਉਸ ਦੇ ਲੈਬ ਟੈਕਨੀਸ਼ੀਅਨ ਨਿਸਾਰ ਨੇ ਮੈਸੂਰ ਜ਼ਿਲ੍ਹਾ ਹੈੱਡਕੁਆਰਟਰ ਦੇ ਹਸਪਤਾਲ ਵਿਚ ਕੀਤੇ ਹਰੇਕ ਗਰਭਪਾਤ ਲਈ ਕਥਿਤ ਤੌਰ ‘ਤੇ 30,000 ਰੁਪਏ ਵਸੂਲੇ। ਹਸਪਤਾਲ ਦੀ ਮੈਨੇਜਰ ਮੀਨਾ ਅਤੇ ਰਿਸੈਪਸ਼ਨਿਸਟ ਰਿਜ਼ਮਾ ਖਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਪੁਲਿਸ ਨੇ ਮੈਸੂਰ ਦੇ ਨੇੜੇ ਮਾਂਡਿਆ ਦੇ ਜ਼ਿਲ੍ਹਾ ਹੈੱਡਕੁਆਰਟਰ ਵਿਚ ਲਿੰਗ ਨਿਰਧਾਰਨ ਅਤੇ ਕੰਨਿਆ ਭਰੂਣ ਹੱਤਿਆ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਤੇ ਦੋ ਮੁਲਜ਼ਮਾਂ ਸ਼ਿਵਲਿੰਗ ਗੌੜਾ ਅਤੇ ਨਯਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਇਹ ਗਰਭਵਤੀ ਔਰਤ ਨੂੰ ਗਰਭਪਾਤ ਲਈ ਕਾਰ ਵਿਚ ਲੈ ਕੇ ਜਾ ਰਹੇ ਸਨ। ਪੁੱਛਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਮਾਂਡਿਆ ਸਥਿਤ ਗੁੜ ਬਣਾਉਣ ਵਾਲੀ ਇਕਾਈ ਅਲਟਰਾਸਾਊਂਡ ਸੈਂਟਰ ਵਜੋਂ ਵਰਤੀ ਜਾਂਦੀ ਸੀ, ਜਿੱਥੋਂ ਬਾਅਦ ਵਿਚ ਪੁਲਿਸ ਟੀਮ ਨੇ ਸਕੈਨ ਮਸ਼ੀਨ ਜ਼ਬਤ ਕੀਤੀ।