ਡੇਰਾ ਬਾਬਾ ਨਾਨਕ, 28 ਅਕਤੂਬਰ (ਪੰਜਾਬ ਮੇਲ)- ਕਿਸਾਨਾਂ ਵੱਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਇਕ ਪਾਸੇ ਵੱਡੇ ਪੱਧਰ ‘ਤੇ ਝੋਨਾ ਸਕਾਉਣ ਲਈ ਖਿਲਾਰਿਆ ਗਿਆ ਹੈ। ਇਸ ਕਾਰਨ ਕੋਰੀਡੋਰ ਰਸਤਾ ਬੰਦ ਹੋ ਗਿਆ ਹੈ। ਇਸ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਅਤੇ ਸਰਹੱਦ ‘ਤੇ ਬਣੇ ਦਰਸ਼ਨ ਸਥੱਲ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਦਰਸ਼ਨ ਸਥਲ ਤੋਂ ਪਰਤੇ ਸ਼ਰਧਾਲੂਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਰਸ਼ਨ ਸਥਲ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਉਪਰੰਤ ਜਦੋਂ ਵਾਪਸ ਪਰਤੇ, ਤਾਂ ਕਰਤਾਰਪੁਰ ਕੋਰੀਡੋਰ ਤੋਂ ਜੋੜੀਆਂ ਖੁਰਦ ਨਜ਼ਦੀਕ ਕੋਰੀਡੋਰ ਦੀ ਇਕ ਪਾਸੇ ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਝੋਨੇ ਦੀ ਜਿਨਸ ਨੂੰ ਕੋਰੀਡੋਰ ‘ਤੇ ਖਿਲਾਰ ਕੇ ਸੁਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਮੀਨਲ ਵਾਲੇ ਪਾਸੇ ਤੋਂ ਕਰਤਾਰਪੁਰ ਕੋਰੀਡੋਰ ਦੇ ਰਬਾਬ ਚੌਕ ਵਾਲੇ ਪਾਸੇ ਦਾ ਇਕ ਰਸਤਾ ਬੰਦ ਕੀਤਾ ਹੋਇਆ ਹੈ। ਸ਼ਾਮ ਵੇਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ ਜੋ ਦੂਰ-ਦੁਰਾਡੇ ਤੋਂ ਆਏ ਹੋਏ ਹਨ, ਨੂੰ ਮਾਰਗ ਬੰਦ ਹੋਣ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਡੀ.ਸੀ. ਗੁਰਦਾਸਪੁਰ ਅਤੇ ਐੱਸ.ਐੱਸ.ਪੀ. ਬਟਾਲਾ ਤੋਂ ਮੰਗ ਕੀਤੀ ਹੈ ਕਿ ਕੋਰੀਡੋਰ ‘ਤੇ ਖਿਲਾਰੇ ਝੋਨੇ ਨੂੰ ਸਾਫ ਕਰਵਾ ਕੇ ਇਸ ਮਾਰਗ ਨੂੰ ਚਾਲੂ ਕਰਵਾਇਆ ਜਾਵੇ। ਇਸ ਸਬੰਧੀ ਡੀ.ਸੀ. ਉਮਰ ਸ਼ੰਕਰ ਗੁਪਤਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ।