#PUNJAB

ਕਮਲ ਕੌਰ ਭਾਬੀ ਕਤਲ ਕੇਸ ‘ਚ ਨਵਾਂ ਮੋੜ; ਅਦਾਲਤ ਨਹੀਂ ਪਹੁੰਚ ਰਹੇ ਮੁਕੱਦਮੇ ਦੇ ਅਹਿਮ ਗਵਾਹ

ਬਠਿੰਡਾ, 21 ਨਵੰਬਰ (ਪੰਜਾਬ ਮੇਲ)- ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਮਾਮਲੇ ‘ਚ ਪੁਲਿਸ ਨੇ ਵਿਦੇਸ਼ ਭੱਜੇ ਮੁੱਖ ਮੁਲਜ਼ਮ ਨੂੰ ਯੂ.ਏ.ਈ. ਤੋਂ ਭਾਰਤ ਲਿਆਉਣ ਤੋਂ ਲੈ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਅਦਾਲਤ ‘ਚ ਚਲਾਨ ਪੇਸ਼ ਕਰਨ ਤੱਕ ਲੰਬੀ ਕਾਰਵਾਈ ਕੀਤੀ ਪਰ ਹੁਣ ਮੁਕੱਦਮੇ ਦੀ ਅਹਿਮ ਕੜੀ ਮੰਨੇ ਜਾਂਦੇ ਗਵਾਹ ਹੀ ਅਦਾਲਤ ਨਹੀਂ ਪਹੁੰਚ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕਾ ਦੀ ਮਾਂ ਅਤੇ ਸ਼ਿਕਾਇਤਕਰਤਾ ਗਿਰਜਾ ਦੇਵੀ ਅਤੇ ਉਸ ਦਾ ਪੁੱਤਰ ਨਰੇਸ਼ ਕੁਮਾਰ ਲਗਾਤਾਰ ਦੂਜੀ ਵਾਰ ਅਦਾਲਤ ‘ਚ ਗਵਾਹੀ ਦੇਣ ਨਹੀਂ ਪਹੁੰਚੇ। ਪਹਿਲਾਂ ਗੈਰ-ਹਾਜ਼ਰ ਰਹਿਣ ‘ਤੇ ਅਦਾਲਤ ਵੱਲੋਂ ਦੋਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ 19 ਨਵੰਬਰ ਨੂੰ ਵੀ ਦੋਵੇਂ ਗੈਰ-ਹਾਜ਼ਰ ਰਹੇ। ਇਸ ਕਾਰਨ ਇਸ ਮਾਮਲੇ ‘ਚ ਇਸਤਗਾਸਾ ਪੱਖ ਦੀ ਗਵਾਹੀ ਦੀ ਕਾਰਵਾਈ ਅੱਗੇ ਨਹੀਂ ਵੱਧ ਸਕੀ। ਹੁਣ ਅਦਾਲਤ ਨੇ ਅਗਲੀ ਸੁਣਵਾਈ ਲਈ 15 ਦਸੰਬਰ 2026 ਦੀ ਤਾਰੀਖ਼ ਤੈਅ ਕੀਤੀ ਹੈ। ਸਵਾਲ ਇਹ ਹੈ ਕਿ ਆਖ਼ਰ ਮ੍ਰਿਤਕਾ ਦੀ ਮਾਂ ਅਤੇ ਭਰਾ ਲਗਾਤਾਰ ਦੋ ਤਾਰੀਖ਼ਾਂ ‘ਤੇ ਅਦਾਲਤ ਕਿਉਂ ਨਹੀਂ ਪਹੁੰਚੇ?
ਕੀ ਕੋਈ ਮਜਬੂਰੀ ਹੈ ਜਾਂ ਕੋਈ ਹੋਰ ਕਾਰਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ, ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਕਤਲ ਵਰਗੇ ਗੰਭੀਰ ਮਾਮਲੇ ਦੇ ਟ੍ਰਾਇਲ ਦੀ ਰਫ਼ਤਾਰ ਜ਼ਰੂਰ ਪ੍ਰਭਾਵਿਤ ਹੋ ਰਹੀ ਹੈ। ਮੁਲਜ਼ਮਾਂ ਦੇ ਵਕੀਲ ਮਨਪ੍ਰੀਤ ਸਿੰਘ ਬਰਾੜ ਅਨੁਸਾਰ ਦੋਵੇਂ ਅਹਿਮ ਗਵਾਹ ਇਸ ਵਾਰ ਵੀ ਅਦਾਲਤ ‘ਚ ਪੇਸ਼ ਨਹੀਂ ਹੋਏ, ਜਿਸ ਕਾਰਨ ਸੁਣਵਾਈ ਅੱਗੇ ਪਾਉਣੀ ਪਈ। ਸੁਣਵਾਈ ਦੌਰਾਨ ਗਿਰਜਾ ਦੇਵੀ ਅਤੇ ਨਰੇਸ਼ ਕੁਮਾਰ ਨੂੰ ਗਵਾਹੀ ਲਈ ਬੁਲਾਇਆ ਗਿਆ ਸੀ ਪਰ ਦੋਵੇਂ ਅਦਾਲਤ ‘ਚ ਪੇਸ਼ ਨਹੀਂ ਹੋਏ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਅਗਲੀ ਸੁਣਵਾਈ 19 ਨਵੰਬਰ ਤੈਅ ਕੀਤੀ ਸੀ। ਉਮੀਦ ਸੀ ਕਿ ਅਗਲੀ ਤਾਰੀਖ਼ ‘ਤੇ ਦੋਵੇਂ ਅਦਾਲਤ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਉਣਗੇ ਪਰ 19 ਨਵੰਬਰ ਨੂੰ ਵੀ ਦੋਵੇਂ ਗੈਰ-ਹਾਜ਼ਰ ਰਹੇ। ਨਤੀਜੇ ਵਜੋਂ ਇਸਤਗਾਸਾ ਪੱਖ ਦੀ ਗਵਾਹੀ ਦੀ ਕਾਰਵਾਈ ਅੱਗੇ ਨਹੀਂ ਵੱਧ ਸਕੀ। ਹੁਣ ਦੇਖਣਾ ਹੋਵੇਗਾ ਕਿ ਅਗਲੀ ਤਾਰੀਖ਼ ‘ਤੇ ਗਵਾਹੀ ਸ਼ੁਰੂ ਹੋ ਪਾਉਂਦੀ ਹੈ ਜਾਂ ਮਾਮਲਾ ਇੱਕ ਵਾਰ ਫਿਰ ਅੱਗੇ ਪੈ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੀ 11 ਜੂਨ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ‘ਚ ਖੜ੍ਹੀ ਕਾਰ ‘ਚੋਂ ਕਮਲ ਕੌਰ ਦੀ ਲਾਸ਼ ਮਿਲੀ ਸੀ। ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੋਣ ਕਾਰਨ ਸ਼ੁਰੂ ਵਿਚ ਪਛਾਣ ਕਰਨੀ ਵੀ ਮੁਸ਼ਕਲ ਸੀ। ਬਾਅਦ ਵਿਚ ਮ੍ਰਿਤਕਾ ਦੀ ਪਛਾਣ ਲੁਧਿਆਣਾ ਵਾਸੀ ਕਮਲ ਕੌਰ ਵਜੋਂ ਹੋਈ, ਜੋ ਸੋਸ਼ਲ ਮੀਡੀਆ ‘ਤੇ ਕਮਲ ਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਸੀ। ਉਸ ਦੀ ਮਾਂ ਗਿਰਜਾ ਦੇਵੀ ਦੀ ਸ਼ਿਕਾਇਤ ‘ਤੇ ਬਠਿੰਡਾ ਕੈਂਟ ਥਾਣੇ ਵਿਚ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਕਤਲ ਕੇਸ ‘ਚ ਯੂ.ਏ.ਈ. ਭੱਜੇ ਅੰਮ੍ਰਿਤਪਾਲ ਸਣੇ ਹੋਰ ਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਖ ਮੁਲਜ਼ਮ ਨੂੰ ਵਿਦੇਸ਼ ਤੋਂ ਭਾਰਤ ਲਿਆਉਣ, ਚਾਰ ਗ੍ਰਿਫ਼ਤਾਰੀਆਂ ਅਤੇ ਦੋਸ਼ ਤੈਅ ਹੋਣ ਤੋਂ ਬਾਅਦ ਹੁਣ ਨਿਆਇਕ ਪ੍ਰਕਿਰਿਆ ਦੀ ਅਹਿਮ ਕੜੀ ਗਵਾਹਾਂ ਦੇ ਬਿਆਨ ਹਨ। ਅਜਿਹੇ ਵਿਚ 15 ਦਸੰਬਰ ਦੀ ਸੁਣਵਾਈ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।