ਵਾਸ਼ਿਗਟਨ, 17 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਬਹੁਤ ਨਾਰਾਜ਼ ਹਨ ਅਤੇ ਡੈਮੋਕਰੈਟਿਕ ਉਮੀਦਵਾਰ ਤੇ ਆਪਣੀ ਵਿਰੋਧੀ ਖ਼ਿਲਾਫ਼ ਨਿੱਜੀ ਹਮਲੇ ਕਰ ਸਕਦੇ ਹਨ। ਸਾਬਕਾ ਰਾਸ਼ਟਰਪਤੀ ਨੇ ਬੈੱਡਮਿਨਸਟਰ (ਨਿਊ ਜਰਸੀ) ‘ਚ ਆਪਣੇ ਗੌਲਫ਼ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰੇ ਮਨ ‘ਚ ਉਸ ਲਈ ਕੋਈ ਖਾਸ ਸਨਮਾਨ ਨਹੀਂ ਹੈ। ਉਸ ਦੀ ਅਕਲਮੰਦੀ ਲਈ ਵੀ ਮੇਰੇ ਮਨ ‘ਚ ਕੋਈ ਇੱਜ਼ਤ ਨਹੀਂ ਹੈ। ਮੇਰਾ ਮੰਨਣਾ ਹੈ ਕਿ ਉਹ ਬਹੁਤ ਖ਼ਰਾਬ ਰਾਸ਼ਟਰਪਤੀ ਸਾਬਿਤ ਹੋਵੇਗੀ। ਨਿੱਜੀ ਹਮਲੇ ਵਧੀਆ ਹੁੰਦੇ ਹਨ ਜਾਂ ਖ਼ਰਾਬ, ਇਸ ਬਾਰੇ ਮੇਰਾ ਮੰਨਣਾ ਹੈ ਕਿ ਉਹ ਵੀ ਮੇਰੇ ਉਪਰ ਨਿੱਜੀ ਹਮਲੇ ਕਰਦੀ ਹੈ।” ਦਰਅਸਲ ਟਰੰਪ ਦੀ ਪਾਰਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹੈਰਿਸ ‘ਤੇ ਨਿੱਜੀ ਹਮਲੇ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਟਰੰਪ ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਟਰੰਪ ਨੇ ਕਿਹਾ ਕਿ ‘ਹੈਰਿਸ ਨੇ ਜੋ ਮੁਲਕ ਨਾਲ ਕੀਤਾ ਹੈ, ਉਸ ਤੋਂ ਮੈਂ ਬਹੁਤ ਨਾਰਾਜ਼ ਹਾਂ। ਮੈਂ ਇਸ ਗੱਲ ਲਈ ਨਾਰਾਜ਼ ਹਾਂ ਕਿ ਕਮਲਾ ਨੇ ਮੇਰੇ ਅਤੇ ਹੋਰਾਂ ਖ਼ਿਲਾਫ਼ ਨਿਆਂ ਪ੍ਰਣਾਲੀ ਨੂੰ ਹਥਿਆਰ ਵਜੋਂ ਵਰਤਿਆ। ਮੈਂ ਬਹੁਤ ਨਾਰਾਜ਼ ਹਾਂ ਅਤੇ ਮੈਨੂੰ ਜਾਪਦਾ ਹੈ ਕਿ ਮੈਂ ਨਿੱਜੀ ਹਮਲੇ ਕਰ ਸਕਦਾ ਹਾਂ।’ ਇਕ ਹੋਰ ਆਗੂ ਨਿੱਕੀ ਹੇਲੀ ਵੱਲੋਂ ਟਰੰਪ ਨੂੰ ਆਪਣੀ ਚੋਣ ਰਣਨੀਤੀ ਬਦਲਣ ਦੀ ਦਿੱਤੀ ਗਈ ਸਲਾਹ ਬਾਰੇ ਟਰੰਪ ਨੇ ਕਿਹਾ ਕਿ ਉਹ ਆਪਣੇ ਤਰੀਕੇ ਨਾਲ ਪ੍ਰਚਾਰ ਨੂੰ ਅਗਾਂਹ ਵਧਾਉਣਗੇ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਰਿਪਬਲਿਕਨ ਪਾਰਟੀ ਦੇ ਕਈ ਆਗੂਆਂ ਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਹੈਰਿਸ ‘ਤੇ ਹਮਲੇ ਕਰਨ ਦੀ ਬਜਾਏ ਨੀਤੀਆਂ ‘ਤੇ ਧਿਆਨ ਕੇਂਦਰਤ ਕਰਨ।