#PUNJAB

ਕਬੱਡੀ ਖਿਡਾਰੀ ਨੂੰ ਗੋਲੀ ਮਾਰਨ ਵਾਲਾ ਸ਼ਾਰਪ ਸ਼ੂਟਰ ਦੋ ਪਿਸਤੌਲਾਂ ਸਣੇ ਕਾਬੂ

ਪਟਿਆਲਾ, 20 ਜਨਵਰੀ (ਪੰਜਾਬ ਮੇਲ)-  ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਢਿੱਲੋਂ ਦੀਆਂ ਟੀਮਾਂ ਵੱਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਇੱਕ ਗੈਂਗਸਟਰ ਨੂੰ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਯਸ਼ਮਨ ਸਿੰਘ ਯੱਸੂ ਉਰਫ ਅਮਨ ਵਾਸੀ ਬਠਿੰਡਾ ਵਜੋਂ ਹੋਈ। ਉਸ ਦੇ ਦੋ ਸਾਥੀਆਂ ਨੂੰ ਪਟਿਆਲਾ ਪੁਲੀਸ ਵੱਲੋਂ ਪਹਿਲਾਂ ਹੀ ਤਿੰਨ ਪਿਸਤੌਲਾਂ ਸਣੇ ਕਾਬੂ ਕਰ ਚੁੱਕੀ ਹੈ। ਇਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਮੋਗਾ ਦੇ ਧੂਰਕੋਟ ਵਾਸੀ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੂੰ ਵਿਦੇਸ਼ ’ਚ ਰਹਿੰਦਾ ਲਾਰੈਂਸ ਬਿਸ਼ਨੋਈ ਗਰੋਹ ਦਾ ਮੁੱਖ ਮੈਂਬਰ ਜੱਗਾ ਧੂਰਕੋਟੀਆ ਹਥਿਆਰ ਮੁਹੱਈਆ ਕਰਵਾਉਂਦਾ ਹੈ। ਇਹ ਜਾਣਕਾਰੀ ਅੱਜ ਇਥੇ ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਐੱਸਪੀ ਸਰਫਰਾਜ ਆਲਮ ਤੇ ਹਰਬੀਰ ਅਟਵਾਲ, ਡੀਐੱਸਪੀ ਸੁਖਅੰਮ੍ਰਿਤ ਰੰਧਾਵਾ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਤੇ ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਢਿੱਲੋਂ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਗੁਪਤ ਸੂਚਨਾ ’ਤੇ ਨਾਕੇ ਦੌਰਾਨ ਸ਼ੰਭੂ ਬੈਰੀਅਰ ਕੋਲੋਂ ਕਾਬੂ ਕੀਤਾ ਗਿਆ। ਉਸ ਕੋਲੋਂ 32 ਬੋਰ ਦੇ ਦੋ ਪਿਸਟਲ ਤੇ 10 ਕਾਰਤੂਸ ਮਿਲੇ ਹਨ।