#CANADA

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ: ਕੈਨੇਡੀਅਨ ਪੁਲਿਸ

ਓਟਵਾ, 22 ਜੂਨ (ਪੰਜਾਬ ਮੇਲ)- ਏਅਰ ਇੰਡੀਆ ਜਹਾਜ਼ 182 ਦੇ ਬੰਬ ਧਮਾਕੇ ਦੀ ਜਾਂਚ ਚੱਲ ਰਹੀ ਹੈ। ਕੈਨੇਡੀਅਨ ਪੁਲਿਸ ਨੇ ਇਸ ਨੂੰ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਘਰੇਲੂ ਅੱਤਵਾਦ ਜਾਂਚ ਕਰਾਰ ਦਿੱਤਾ। ਘਾਤਕ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਦੀ ਯਾਦਗਾਰ 23 ਜੂਨ ਨੂੰ ਮਨਾਈ ਜਾ ਰਹੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਕਨਿਸ਼ਕ ਫਲਾਈਟ 182 ‘ਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। 1984 ‘ਚ ਅਪਰੇਸ਼ਨ ਬਲੂਸਟਾਰ ਦੇ ਬਦਲੇ ਵਜੋਂ ਇਸ ਬੰਬ ਧਮਾਕੇ ਦਾ ਦੋਸ਼ ਸਿੱਖ ਖਾੜਕੂਆਂ ‘ਤੇ ਲਗਾਇਆ ਗਿਆ ਸੀ। ਬਿਆਨ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋਲ ਨੇ ਇਸ ਬੰਬ ਧਮਾਕੇ ਨੂੰ ਸਭ ਤੋਂ ਭਿਆਨਕ ਦਹਿਸ਼ਤਗਰਦ ਕਰਵਾਈ ਕਰਾਰ ਦਿੱਤਾ। ਟੇਬੋਲ ਨੇ ਕਿਹਾ, ‘ਏਅਰ ਇੰਡੀਆ ਦੀ ਜਾਂਚ ਸਭ ਤੋਂ ਲੰਬੀ ਅਤੇ ਯਕੀਨੀ ਤੌਰ ‘ਤੇ ਸਭ ਤੋਂ ਗੁੰਝਲਦਾਰ ਘਰੇਲੂ ਅੱਤਵਾਦ ਜਾਂਚ ਵਿਚੋਂ ਇੱਕ ਹੈ। ਸਾਡੀ ਜਾਂਚ ਜਾਰੀ ਹੈ।’