#AMERICA

ਕਨਸਾਸ ‘ਚ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਣ ਨਾਲ 3 ਮੌਤਾਂ; 1 ਦੀ ਹਾਲਤ ਗੰਭੀਰ

ਸੈਕਰਾਮੈਂਟੋ, 19 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੋਰੀ ਰਾਜ ਦੇ ਕਨਸਾਸ ਸ਼ਹਿਰ ‘ਚ ਸੁੱਤੇ ਪਿਆਂ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਣ ਨਾਲ 3 ਵਿਅਕਤੀਆਂ ਦੀ ਮੌਤ ਹੋਣ ਤੇ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੀ ਖਬਰ ਹੈ। ਕਨਸਾਸ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਮਾਈਕਲ ਹੋਪਕਿਨਸ ਅਨੁਸਾਰ ਹਾਲਾਂਕਿ ਘਟਨਾ ਜਾਂਚ ਅਧੀਨ ਹੈ ਪਰੰਤੂ ਲੱਗਦਾ ਹੈ ਕਿ ਅੰਦਰ ਠੰਡ ਤੋਂ ਬਚਣ ਲਈ ਹੀਟਰ ਦੀ ਵਰਤੋਂ ਕਾਰਨ ਇਹ ਘਟਨਾ ਵਾਪਰੀ ਹੈ। ਹੋਪਕਿਨਸ ਨੇ ਕਿਹਾ ਕਿ ਸਵੇਰੇ 6.50 ਵਜੇ ਸੂਚਨਾ ਮਿਲਣ ‘ਤੇ ਅਮਲਾ ਮੌਕੇ ਉਪਰ ਪੁੱਜਾ, ਤਾਂ 3 ਹਿਸਪੈਨਿਕ ਵਿਅਕਤੀ ਮ੍ਰਿਤਕ ਹਾਲਤ ‘ਚ ਮਿਲੇ, ਜਿਨ੍ਹਾਂ ਦੀ ਉਮਰ 20 ਤੋਂ 40 ਸਾਲ ਦੇ ਦਰਮਿਆਨ ਹੈ। ਸੈਂਟਰ ਫਾਰ ਦੀ ਡਸੀਜ਼ ਕੰਟਰੋਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਾਰਬਨ ਮੋਨੋਆਕਸਾਈਡ ਸੁੱਤੇ ਪਏ ਲੋਕਾਂ ਖਾਸ ਕਰਕੇ ਸ਼ਰਾਬ ਪੀ ਕੇ ਸੌਣ ਵਾਲਿਆਂ ਲਈ ਘਾਤਕ ਸਾਬਤ ਹੁੰਦੀ ਹੈ।