#OTHERS

ਕਤਰ ‘ਚ 8 ਭਾਰਤੀਆਂ ਦੀ ਮੌਤ ਦੀ ਸਜ਼ਾ ਵਿਰੁੱਧ ਅਦਾਲਤ ਵੱਲੋਂ ਅਪੀਲ ਸਵੀਕਾਰ

ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਕਤਰ ‘ਚ ਕਥਿਤ ਜਾਸੂਸੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਖ਼ੁਸ਼ਖ਼ਬਰੀ ਮਿਲੀ ਹੈ। ਅਪੀਲੀ ਅਦਾਲਤ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਸਜ਼ਾ ਵਿਰੁੱਧ ਅਪੀਲ ਸਵੀਕਾਰ ਕਰ ਲਈ ਹੈ। ਸੁਣਵਾਈ ਦੀ ਪਹਿਲੀ ਤਰੀਕ 23 ਨਵੰਬਰ ਤੈਅ ਕੀਤੀ ਗਈ ਹੈ। ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿਚ ਕਤਰ ਦੇ ਅਧਿਕਾਰੀਆਂ ਨੇ ਭਾਰਤੀ ਰਾਜਦੂਤ ਨੂੰ ਭਾਰਤੀਆਂ (ਕੌਂਸਲਰ ਐਕਸੈਸ) ਨੂੰ ਮਿਲਣ ਦੀ ਇਜਾਜ਼ਤ ਦਿੱਤੀ।
ਇਹ ਵੀ ਚਰਚਾ ਹੈ ਕਿ ਵਪਾਰਕ ਰੰਜਿਸ਼ ਕਾਰਨ ਇਸ ਨੂੰ ਜਾਸੂਸੀ ਦਾ ਮਾਮਲਾ ਬਣਾਇਆ ਗਿਆ ਸੀ। ਸਾਬਕਾ ਭਾਰਤੀ ਮਰੀਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੰਪਨੀ ਤਾਲਾਬੰਦੀ ‘ਚ ਆ ਗਈ ਸੀ। ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਸੀ। ਇਸ ਨੇ ਅਟਕਲਾਂ ਲਈ ਇੱਕ ਠੋਸ ਆਧਾਰ ਪ੍ਰਦਾਨ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀਆਂ ਨੂੰ 30 ਅਗਸਤ, 2022 ਨੂੰ ਕਤਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉੱਥੋਂ ਦੀ ਅਦਾਲਤ ਨੇ ਕਥਿਤ ਜਾਸੂਸੀ ਦੇ ਦੋਸ਼ ਵਿਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਸਰਕਾਰ ਨੇ ਵੀ ਇਸ ਮਾਮਲੇ ਵਿਚ ਬਿਆਨ ਦਿੱਤਾ ਹੈ। ਸਰਕਾਰ ਨੇ ਕਿਹਾ, ਅਸੀਂ ਕਤਰ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਹੇ ਹਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ, ਅਸੀਂ ਇਨ੍ਹਾਂ 8 ਨੇਵੀ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।