#AMERICA

ਓਹਾਇਓ ਸੂਬੇ ਦੇ ਸੱਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ ‘ਚ ਸਿੱਖਾਂ ਵੱਲੋਂ ਸ਼ਮੂਲੀਅਤ

-ਸਿੱਖ ਧਰਮ ਨੂੰ ਵੀ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ ਗਈ ਪਹਿਲ
ਕੋਲੰਬਸ (ਓਹਾਇਓ), 27 ਦਸੰਬਰ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿਚ ਵੱਖ-ਵੱਖ ਸੱਭਿਆਚਾਰਾ ਅਤੇ ਧਰਮਾਂ ਸੰਬੰਧੀ ਬਹੁ-ਸੱਭਿਆਚਾਰਕ ਸਿੱਖਿਆ ਬਿੱਲ (ਐੱਚ.ਬੀ.-171) ਦੇ ਸਮਰਥਕਾਂ ਨੇ ਓਹਾਇਓ ਸਟੇਟ ਹਾਉਸ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ।
ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪ੍ਰੀਜ਼ੈਂਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ, ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿਚ ਏਸ਼ੀਅਨ ਅਮੈਰੀਕਨ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸ ਸਮੇਂ ਸਕੂਲੀ ਪਾਠਕ੍ਰਮ ਵਿਚ ਸਿੱਖਾਂ ਸਣੇ ਕਈ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਣਕਾਰੀ ਪੜ੍ਹਾਈ ਵਿਚ ਸ਼ਾਮਲ ਨਹੀਂ ਹੈ।

ਸਿੱਖ ਅਤੇ ਹੇਰਨਾਂ ਭਾਈਚਾਰਿਆਂ ਦੇ ਨੁਮਾਇੰਦੇ ਰਿਪ੍ਰੀਜ਼ੈਂਟੇਟਿਵ ਮੈਰੀ ਲਾਈਟਬੋਡੀ ਨਾਲ।

ਇਸ ਬਿੱਲ ਨੂੰ ਓ.ਪੀ.ਏ.ਡਬਲਯੂ.ਐੱਲ. ਸੰਸਥਾ ਦੇ ਯਤਨਾਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਪ੍ਰਬੰਧਕ ਅਰਿਆਨਾ ਕੋਲਾਵਾਲਾ, ਲੀਜ਼ਾ ਫੈਕਟੋਰੀ ਬੋਰਚਰਜਸ਼, ਉਸਦੀ 8 ਸਾਲ ਦੀ ਧੀ ਰੋਜ਼ਾਰੀਓ ਬੋਰਚਰਜਸ਼ ਅਤੇ ਓਹਾਇਓ ਕੌਂਸਲ ਆਫ ਦਿ ਸੋਸ਼ਲ ਸਟੱਡੀਜ਼ ਦੇ ਦੋ ਪ੍ਰਤੀਨਿਧਾਂ ਨੇ ਬਿੱਲ ਦੇ ਹੱਕ ਵਿਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕੀਤਾ। ਸੁਣਵਾਈ ਤੋਂ ਪਹਿਲਾਂ, ਕਲੀਵਲੈਂਡ ਤੋਂ ਅਧਿਆਪਕ ਸਨਮਪ੍ਰੀਤ ਕੋਰ ਗਿੱਲ ਸਣੇ ਹੋਰਨਾਂ ਭਾਈਚਾਰਿਆਂ ਦੇ ਤਕਰੀਬਨ 70 ਸਮਰਥਕਾਂ ਨੇ ਵੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਭੇਜਿਆ ਸੀ।
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਸਿੱਖ ਧਰਮ ਸਮੇਤ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਬਾਰੇ ਜਾਣਕਾਰੀ ਸਕੂਲਾਂ ਦੇ ਪਾਠਕ੍ਰਮ ਵਿਚ ਸ਼ਾਮਲ ਹੋ ਸਕੇਗੀ ਅਤੇ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ੍ਹ ਪੈ ਸਕੇਗੀ।
ਇਸ ਸੁਣਵਾਈ ਤੋਂ ਪਹਿਲਾਂ ਰਿਪ੍ਰੀਜ਼ੈਂਟੇਟਿਵ ਮੈਰੀ ਲਾਈਟਬੋਡੀ ਸਣੇ ਓਹਾਇਓ ਐਜੁਕੇਸ਼ਨ ਐਸੋਸੀਏਸ਼ਨ, ਇਸਲਾਮੀਕ ਅਮੈਰੀਕਨ ਰੀਲੇਸ਼ਨ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਬਿੱਲ ਦੇ ਹੱਕ ਵਿਚ ਪ੍ਰੈੱਸ ਅਤੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਸਿੱਖ ਕੋਲੀਸ਼ਨ ਦੇ ਸੱਦੇ ‘ਤੇ ਸਿੱਖ ਭਾਈਚਾਰੇ ਵੱਲੋਂ ਸਮੀਪ ਸਿੰਘ ਗੁਮਟਾਲਾ ਨੇ ਸੰਬੋਧਨ ਕਰਦਿਆਂ ਬਿੱਲ ਨੂੰ ਪੇਸ਼ ਕਰਨ ਲਈ ਰਿਪ੍ਰੀਜ਼ੈਂਟੇਟਿਵ ਮੈਰੀ ਲਾਈਟਬੋਡੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖ 125 ਸਾਲਾਂ ਤੋਂ ਅਮਰੀਕਾ ਦਾ ਹਿੱਸਾ ਹਨ ਪਰ ਬਹੁਤੇ ਅਮਰੀਕਨ ਲੋਕਾਂ ਨੂੰ ਸਿੱਖਾਂ ਅਤੇ ਉਨ੍ਹਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ। ਸਕੂਲਾਂ ਵਿਚ ਹੋਰਨਾਂ ਧਰਮਾਂ ਦੀ ਜਾਣਕਾਰੀ ਦੇਣ ਸਮੇਂ ਸਿੱਖ ਧਰਮ ਬਾਰੇ ਨਾ ਦੱਸੇ ਜਾਣ ਕਾਰਨ ਸਿੱਖ ਬੱਚਿਆਂ ਨੂੰ ਕਈ ਵਾਰ ਵਿਤਕਰੇ (ਬੁਲਿੰਗ) ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿੱਖ ਕੋਲੀਸ਼ਨ ਵੱਲੋਂ ਸਕੂਲਾਂ ‘ਚ ਬੱਚਿਆਂ ਨਾਲ ਹੁੰਦੀ ਬੁਲਿੰਗ ਸੰਬੰਧੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਗੁਮਟਾਲਾ ਨੇ ਦੱਸਿਆ ਕਿ 67% ਸਿੱਖ ਬੱਚਿਆਂ ਨੂੰ ਆਪਣੀ ਦਸਤਾਰ ਜਾਂ ਕਕਾਰਾਂ ਰੱਖਣ ‘ਤੇ ਬੁਲਿੰਗ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿਚ ਸਿੱਖ ਬੱਚਿਆਂ ਨਾਲ ਹੋ ਰਹੀ ਬੁਲਿੰਗ ਦੀ ਇਹ ਔਸਤ ਗਿਣਤੀ ਪੂਰੇ ਅਮਰੀਕਾ ਵਿਚ ਹੋਰਨਾਂ ਭਾਈਚਾਰਿਆਂ ਦੇ ਬੱਚਿਆਂ ਦੀ ਗਿਣਤੀ ਨਾਲੋਂ ਦੁਗਣੀ ਹੈ। ਮੈਂ ਸਕੂਲ ਵਿਚ ਪੜ੍ਹ ਰਹੇ 2 ਬੱਚਿਆਂ ਦਾ ਪਿਤਾ ਹਾਂ ਤੇ ਮੇਰੇ ਲਈ ਵੀ ਇੰਨੀਂ ਵੱਡੀ ਗਿਣਤੀ ਵਿਚ ਬੁਲਿੰਗ ਚਿੰਤਾਜਨਕ ਹੈ।
ਰਿਪ੍ਰੀਜ਼ੈਂਟੇਟਿਵ ਮੈਰੀ ਲਾਈਟਬੋਡੀ ਨੇ ਗੁਮਟਾਲਾ, ਉਨ੍ਹਾਂ ਦੀ ਸਪੁੱਤਰੀ ਮਿਹਰ ਕੌਰ, ਸਕੂਲ ਅਧਿਆਪਕ ਸਨਮਦੀਪ ਕੌਰ ਗਿੱਲ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਸਕੂਲੀ ਪਾਠਕ੍ਰਮ ਵਿਚ ਸਿੱਖ ਕਮਿਊਨਿਟੀ ਬਾਰੇ ਵੀ ਜਾਣਕਾਰੀ ਓਹਾਇਓ ਦੇ ਵਿਦਿਆਰਥੀਆਂ ਨੂੰ ਮਿਲੇਗੀ।
ਜੂਨ ਮਹੀਨੇ ਵਿਚ ਪਹਿਲੀ ਸੁਣਵਾਈ ਤੋਂ ਪਹਿਲਾਂ ਸਿੱਖ ਕੋਲੀਸ਼ਨ ਵਲੋਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸਿੱਖ, ਓਹਾਇਓ ਸਟੇਟ ਹਾਉਸ ਪੁੱਜੇ ਸਨ। ਇੱਥੇ ਉਨ੍ਹਾਂ ਨੇ ਇਸ ਬਿੱਲ ਦੇ ਸਮਰਥਕਾਂ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਕੋਲ ਜਾ ਕੇ ਹਾਉਸ ਬਿੱਲ 171 ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿਚ ਦਸਤਖਤੀ ਮੁਹਿੰਮ ਅਰੰਭੀ ਗਈ ਸੀ ਤੇ ਆਪਣੇ-ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ।