ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਓਹਾਇਓ ਸਟੇਟ ਹਾਊਸ ਅਤੇ ਸੈਨੇਟ ਨੇ ਅਕਤੂਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਣ ਲਈ ਇਕ ਬਿੱਲ ਪਾਸ ਕੀਤਾ ਹੈ। ਰਾਜ ਦੇ ਸੈਨੇਟਰ ਨੀਰਜ ਅੰਤਾਨੀ ਨੇ ਓਹਾਇਓ ਵਿਚ ਅਕਤੂਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨੋਨੀਤ ਕਰਨ ਲਈ ਆਪਣੇ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਿਹਾ, ”ਇਹ ਓਹਾਇਓ ਅਤੇ ਦੇਸ਼ ਭਰ ਵਿਚ ਹਿੰਦੂਆਂ ਲਈ ਇੱਕ ਵੱਡੀ ਜਿੱਤ ਹੈ। ਹੁਣ ਹਰ ਸਾਲ ਅਕਤੂਬਰ ਵਿਚ ਅਸੀਂ ਓਹਾਇਓ ਵਿਚ ਅਧਿਕਾਰਤ ਤੌਰ ‘ਤੇ ਆਪਣੀ ਹਿੰਦੂ ਵਿਰਾਸਤ ਦਾ ਜਸ਼ਮ ਮਨਾ ਸਕਾਂਗੇ।”
ਅੰਤਾਨੀ ਓਹਾਇਓ ਦੇ ਇਤਿਹਾਸ ਵਿਚ ਪਹਿਲੇ ਹਿੰਦੂ ਅਤੇ ਰਾਜ ਤੋਂ ਭਾਰਤੀ ਅਮਰੀਕੀ ਸੈਨੇਟਰ ਹਨ। ਉਹ ਦੇਸ਼ ਵਿਚ ਸਭ ਤੋਂ ਘੱਟ ਉਮਰ ਦੇ ਹਿੰਦੂ ਅਤੇ ਭਾਰਤੀ ਅਮਰੀਕੀ ਰਾਜ ਜਾਂ ਸੰਘੀ ਚੁਣੇ ਗਏ ਅਧਿਕਾਰੀ ਹਨ। ਉਨ੍ਹਾਂ ਕਿਹਾ, ”ਇਹ ਓਹਾਇਓ ਅਤੇ ਦੇਸ਼ ਭਰ ਵਿਚ ਹਿੰਦੂ ਅਧਿਕਾਰਾਂ ਦੀ ਵਾਕਲਤ ਕਰਨ ਵਾਲੇ ਲੋਕਾਂ ਲਈ ਕੀਤੇ ਗਏ ਕਈ ਕੰਮਾਂ ਦਾ ਨਤੀਜਾ ਸੀ ਅਤੇ ਮੈਨੂੰ ਇਸ ਨੂੰ ਪਾਸ ਕਰਵਾਉਣ ਲਈ ਉਨ੍ਹਾਂ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ੀ ਹੋਈ।” ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਸੈਨੇਟ ਵਿਚ ਆਪਣੇ ਬਿੱਲ ਨੂੰ ਐੱਚ.ਬੀ. 173 ਵਿਚ ਸੋਧਿਆ। ਇਸ ਤੋਂ ਬਾਅਦ ਦੋਵਾਂ ਸਦਨਾਂ ਨੇ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ। ਬਿੱਲ ਹੁਣ ਰਾਜਪਾਲ ਕੋਲ ਦਸਤਖਤ ਜਾਂ ਵੀਟੋ ਲਈ ਜਾਵੇਗਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਬਿੱਲ ਦੇ ਪਾਸ ਹੋਣ ਦਾ ਸਵਾਗਤ ਕੀਤਾ ਹੈ।