#AMERICA

ਓਹਾਇਓ ‘ਚ ਡੀਜ਼ਲ ਨਾਲ ਭਰੇ ਟੈਂਕਰ ਨੂੰ ਪੇਸ਼ ਆਏ ਹਾਦਸੇ ਉਪਰੰਤ ਲੱਗੀ ਅੱਗ; ਡਰਾਈਵਰ ਦੀ ਮੌਕੇ ‘ਤੇ ਹੀ ਮੌਤ

ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਵਿਚ ਡੀਜ਼ਲ ਨਾਲ ਭਰੇ ਟੈਂਕਰ ਟਰੱਕ ਦੇ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਹੈ, ਜਿਸ ਕਾਰਨ ਡਰਾਈਵਰ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਸਮਿਟ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਟਰੱਕ ਮੇਸਡੋਨੀਆ ਵਿਚ ਸਟੇਟ ਰੂਟ 8 ਉਪਰ ਉੱਤਰ ਵਲ ਜਾ ਰਿਹਾ ਸੀ, ਜਦੋਂ ਡਰਾਈਵਰ ਨੇ ਇੰਟਰ ਸਟੇਟ 271 ਉਪਰ ਆਉਣ ਦੀ ਕੋਸ਼ਿਸ਼ ਕੀਤੀ, ਤਾਂ ਟਰੱਕ ਕੰਟਰੋਲ ਤੋਂ ਬਾਹਰ ਹੋ ਕੇ ਇਕ ਪੁਲ ਨਾਲ ਟਕਰਾ ਗਿਆ। ਉਪੰਰਤ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਓਹਾਇਓ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਬੁਲਾਰੇ ਬਰੀਆਂਟ ਸਮਰਵਿਲੇ ਨੇ ਕਿਹਾ ਹੈ ਕਿ ਟਰੱਕ ਵਿਚ 7500 ਗੈਲਨ ਤੇਲ ਸੀ, ਜੋ ਨਾਲ ਲੱਗਦੇ ਦਰਿਆ ਵਿਚ ਵਹਿ ਗਿਆ। ਮ੍ਰਿਤਕ ਡਰਾਈਵਰ ਦੇ ਨਾਂ ਦਾ ਪਤਾ ਨਹੀਂ ਲੱਗ ਸਕਿਆ।