#AMERICA

ਓਰੇਗੋਨ ‘ਚ ਬੇਘਰਿਆਂ ਦੇ ਰੈਣ ਬਸੇਰੇ ‘ਤੇ ਹਮਲਾ; 11 ਲੋਕ ਜ਼ਖਮੀ

ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਓਰੇਗੋਨ ਵਿਚ ਸਲੇਮ ਵਿਖੇ ਬੇਘਰਿਆਂ ਦੇ ਇਕ ਰੈਣ ਬਸੇਰੇ ਵਿਚ ਹੋਏ ਹਮਲੇ ਵਿਚ ਘੱਟੋ-ਘੱਟ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ੱਕੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਸਲੇਮ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਕ ਵਿਅਕਤੀ 8 ਇੰਚ ਲੰਬਾ ਚਾਕੂ ਲੈ ਕੇ ਰੈਣ ਬਸੇਰੇ ਯੂਨੀਅਨ ਗੋਸਪਲ ਮਿਸ਼ਨ ਸਲੇਮ ‘ਚ ਤਕਰੀਬਨ 7.30 ਵਜੇ ਸ਼ਾਮ ਨੂੰ ਦਾਖਲ ਹੋਇਆ ਤੇ ਉਥੇ ਮੌਜੂਦ ਲੋਕਾਂ ਉਪਰ ਹਮਲਾ ਕਰ ਦਿੱਤਾ। ਦਰਜਨ ਦੇ ਕਰੀਬ ਲੋਕਾਂ ਨੂੰ ਜ਼ਖਮੀ ਕਰਨ ਉਪਰੰਤ ਉਹ ਫਰਾਰ ਹੋ ਗਿਆ। ਪੁਲਿਸ ਅਨੁਸਾਰ ਸ਼ੱਕੀ ਦੀ ਪਛਾਣ 42 ਸਾਲਾ ਟੋਨੀ ਵਿਲਅਮਜ਼ ਵਜੋਂ ਹੋਈ ਹੈ ਤੇ ਉਹ ਰੈਣ ਬਸੇਰੇ ਤੋਂ ਦੂਸਰੇ ਪਾਸੇ ਰਹਿੰਦਾ ਹੈ। ਪੁਲਿਸ ਅਨੁਸਾਰ ਪੀੜਤਾਂ ‘ਚ ਰੈਣ ਬਸੇਰੇ ਦੇ 2 ਸਟਾਫ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਜ਼ਖਮੀਆਂ ਵਿਚ 26 ਤੋਂ 57 ਸਾਲ ਦੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ‘ਚ 5 ਗੰਭੀਰ ਜ਼ਖਮੀ ਸ਼ਾਮਲ ਹਨ।