#AMERICA

ਓਰੇਗਨ ‘ਚ ਝੂਲਾ ਖਰਾਬ ਹੋਣ ਕਾਰਨ ਹਵਾ ‘ਚ ਉਲਟੇ ਲਟਕੇ ਰਹੇ 30 ਲੋਕ

ਪੋਰਟਲੈਂਡ, 15 ਜੂਨ (ਪੰਜਾਬ ਮੇਲ) – ਅਮਰੀਕਾ ਦੇ ਓਰੇਗਨ ਸੂਬੇ ਵਿੱਚ ਐਮਰਜੈਂਸੀ ਸੇਵਾ ਕਰਮੀਆਂ ਨੇ ਇੱਕ ਵਿਸ਼ਾਲ ਝੂਲੇ ਵਿਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ ਵਿਚ ਲਟਕ ਰਹੇ 30 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਇਹ ਝੂਲਾ ਇੱਕ ਦਹਾਕਾ ਪੁਰਾਣੇ ਮਨੋਰੰਜਨ ਪਾਰਕ ਵਿਚ ਲਗਾਇਆ ਗਿਆ ਸੀ। ਪੋਰਟਲੈਂਡ ਫਾਇਰ ਐਂਡ ਰੈਸਕਿਊ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ ਕਿ ਫਾਇਰ ਕਰਮੀਆਂ ਨੇ ਓਕ ਪਾਰਕ ਦੇ ਇੰਜੀਨੀਅਰਾਂ ਨਾਲ ਮਿਲ ਕੇ ਝੂਲੇ ਨੂੰ ਹੇਠਾਂ ਉਤਾਰਿਆ ਅਤੇ ਲੋੜ ਪੈਣ ‘ਤੇ ਰੱਸੀਆਂ ਦੀ ਮਦਦ ਨਾਲ ਲੋਕਾਂ ਨੂੰ ਹੇਠਾਂ ਉਤਾਰਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਝੂਲੇ ‘ਤੇ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਨੇੜੇ ਹੀ ਇਕ ਹੋਰ ਝੂਲੇ ‘ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ, ਜਿਸ ‘ਚ ‘ਐਟਮੌਸਫੀਅਰ’ ਨਾਂ ਦਾ ਝੂਲਾ ਹਵਾ ‘ਚ ਰੁਕਿਆ ਨਜ਼ਰ ਆ ਰਿਹਾ ਹੈ।