#INDIA

ਓਮ ਬਿਰਲਾ ਦੂਜੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ

ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਸੰਸਦ ‘ਚ ਵੋਟਿੰਗ ਹੋਈ। ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ। ਉੱਥੇ ਹੀ ਵਿਰੋਧੀ ਧਿਰ ‘ਇੰਡੀਆ’ ਗਠਜੋੜ ਨੇ ਕੇਰਲ ਦੀ ਮਵੇਲੀਕਾਰਾ ਸੀਟ ਤੋਂ 8 ਵਾਰ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਮੈਦਾਨ ‘ਚ ਉਤਾਰਿਆ। ਸੰਸਦ ਵਿਚ ਜ਼ੁਬਾਨੀ ਵੋਟ ਰਾਹੀਂ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁਣੇ ਗਏ ਹਨ। ਦਰਅਸਲ ਐੱਨ.ਡੀ.ਏ. ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ। ਐੱਨ.ਡੀ.ਏ. ਨੇ ਵਿਰੋਧੀ ਧਿਰ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ, ਜਿਸ ਕਾਰਨ ਸਪੀਕਰ ਦੀ ਚੋਣ ਕਰਵਾਈ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਦੇ ਅਹੁਦੇ ਲਈ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਨਜ਼ੂਰੀ ਦਿੱਤੀ। ਲਲਨ ਸਿੰਘ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਵੀ ਰੱਖਿਆ। ਡਾ: ਰਾਜਕੁਮਾਰ ਸਾਂਗਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ। ਇਸ ਪ੍ਰਸਤਾਵ ਨੂੰ ਪ੍ਰੋਟੈਮ ਸਪੀਕਰ (ਐਕਟਿੰਗ ਸਪੀਕਰ) ਭਰਤਹਰਿ ਮਹਿਤਾਬ ਵੱਲੋਂ ਸਦਨ ਵਿਚ ਵੋਟਿੰਗ ਲਈ ਰੱਖਿਆ ਗਿਆ ਸੀ ਅਤੇ ਸਦਨ ਵੱਲੋਂ ਇਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ। ਜਦੋਂ ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਿਆ, ਤਾਂ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਅਤੇ ਰਿਜਿਜੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਦੱਸਣਯੋਗ ਹੈ ਕਿ 543 ਮੈਂਬਰੀ ਲੋਕ ਸਭਾ ‘ਚ ਇਸ ਸਮੇਂ 542 ਸੰਸਦ ਮੈਂਬਰ ਹਨ ਕਿਉਂਕਿ ਕੇਰਲ ਦੀ ਵਾਇਨਾਡ ਸੀਟ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ। 293 ਸੰਸਦ ਮੈਂਬਰਾਂ ਵਾਲੇ ਐੱਨ.ਡੀ.ਏ. ਕੋਲ ਸਦਨ ਵਿਚ ਸਪੱਸ਼ਟ ਬਹੁਮਤ ਹੈ। ਜਦੋਂ ਕਿ ਵਿਰੋਧੀ ਧਿਰ ‘ਇੰਡੀਆ ਗਠਜੋੜ’ ਦੇ 233 ਸੰਸਦ ਮੈਂਬਰ ਹਨ। ਜਦੋਂਕਿ ਹੋਰ ਪਾਰਟੀਆਂ ਜੋ ਨਾ ਤਾਂ ਐੱਨ.ਡੀ.ਏ. ਅਤੇ ਨਾ ਹੀ ਇੰਡੀਆ ਬਲਾਕ ਦਾ ਹਿੱਸਾ ਹਨ, ਦੇ 16 ਸੰਸਦ ਮੈਂਬਰ ਹਨ। ਇਨ੍ਹਾਂ ਵਿਚ ਕੁਝ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ।