#CANADA

ਓਨਟਾਰੀਓ ਦੇ ਸਕੂਲਾਂ ‘ਚ Mobile Phone ਦੀ ਵਰਤੋਂ ‘ਤੇ ਪਾਬੰਦੀ

ਵੈਨਕੂਵਰ, 30 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੀ ਓਨਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ‘ਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ‘ਤੇ ਪਾਬੰਦੀ ਲਾ ਦਿੱਤੀ ਹੈ, ਜੋ 3 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਵਰ੍ਹੇ ਤੋਂ ਲਾਗੂ ਹੋਵੇਗੀ।
ਸੂਬਾਈ ਸਿੱਖਿਆ ਮੰਤਰੀ ਸਟੀਫਨ ਲੈਸੀ ਨੇ ਐਲਾਨ ਕਰਦਿਆਂ ਕਿਹਾ ਕਿ ਐਲੀਮੈਂਟਰੀ ਸਕੂਲਾਂ ਵਿਚ ਸਾਰਾ ਦਿਨ ਅਤੇ ਮਿਡਲ ਤੇ ਹਾਈ ਸਕੂਲਾਂ ‘ਚ ਪੜ੍ਹਾਈ ਦੇ ਸਮੇਂ ਦੌਰਾਨ ਕੋਈ ਵਿਦਿਆਰਥੀ ਨਾ ਤਾਂ ਫੋਨ ਨੂੰ ਹੱਥ ਵਿਚ ਲੈ ਸਕੇਗਾ ਤੇ ਨਾ ਹੀ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਪੜ੍ਹਾਈ ਸਮੇਂ ਬੱਚਿਆਂ ਦਾ ਧਿਆਨ ਫੋਨ ਵੱਲ ਰਹਿਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਸਕੂਲ ਟਰੱਸਟੀਆਂ ਦੇ ਸੁਝਾਵਾਂ ‘ਤੇ ਗੌਰ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਫੋਨ ਸਕੂਲ ਦੇ ਅੰਦਰ ਨਹੀਂ ਲਿਜਾ ਸਕਣਗੇ, ਪਰ ਮਿਡਲ ਅਤੇ ਹਾਈ ਸਕੂਲਾਂ ਵਿਚ ਪਾਬੰਦੀ ਨੂੰ ਥੋੜ੍ਹਾ ਨਰਮ ਕਰਕੇ ਪੜ੍ਹਾਈ ਸਮੇਂ ਤੱਕ ਸੀਮਤ ਕੀਤਾ ਗਿਆ ਹੈ। ਸਰਕਾਰੀ ਫੈਸਲੇ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਉਹ ਇਸ ਸਮੱਸਿਆ ਬਾਰੇ ਪਿਛਲੇ ਸਾਲ ਤੋਂ ਸਰਕਾਰ ਨੂੰ ਚੌਕਸ ਕਰ ਰਹੇ ਸੀ, ਜਿਸ ਨੂੰ ਮਨ ਕੇ ਸਰਕਾਰ ਨੇ ਵਿਦਿਅਕ ਪੱਧਰ ਵਿਚ ਗਿਰਾਵਟ ਨੂੰ ਰੋਕ ਲਿਆ ਹੈ। ਕੈਨੇਡਾ ‘ਚ ਵਿਦਿਅਕ ਸਾਲ ਸਤੰਬਰ ਤੋਂ ਸ਼ੁਰੂ ਹੁੰਦਾ ਹੈ ਤੇ ਜੂਨ ਵਿਚ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੇ ਦੋ ਮਹੀਨੇ ਛੁੱਟੀਆਂ ਹੋ ਜਾਂਦੀਆਂ ਹਨ।