#AMERICA

ਐੱਸ.ਐੱਫ.ਜੇ. ਵੱਲੋਂ ਅਮਰੀਕਾ ‘ਚ 28 ਜਨਵਰੀ ਨੂੰ ਰਾਏਸ਼ੁਮਾਰੀ ਕਰਾਉਣ ਦਾ ਐਲਾਨ!

ਯੂਬਾ ਸਿਟੀ, 8 ਨਵੰਬਰ (ਪੰਜਾਬ ਮੇਲ)- ਕੈਨੇਡਾ ਅਤੇ ਬ੍ਰਿਟੇਨ ‘ਚ ਭਾਰਤ ਖ਼ਿਲਾਫ਼ ਆਪਣੀਆਂ ਗਤੀਵਿਧੀਆਂ ਵਧਾਉਣ ਤੋਂ ਬਾਅਦ ਹੁਣ ਖਾਲਿਸਤਾਨੀ ਵੱਖਵਾਦੀ ਅਮਰੀਕਾ ‘ਚ ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਸੈਨਹੋਜ਼ੇ, ਕੈਲੀਫੋਰਨੀਆ ਤੋਂ ਆਈ.ਟੀ. ਉਦਯੋਗਪਤੀ, ਬੁਲਾਰੇ, ਕਾਰਕੁਨ ਸੁੱਖੀ ਚਾਹਲ ਨੇ ਦੱਸਿਆ ਕਿ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਕਨਵੀਨਰ ਅਵਤਾਰ ਸਿੰਘ ਪੰਨੂ ਨੇ ਕੈਲੀਫੋਰਨੀਆ ਦੇ ਯੂਬਾ ਸਿਟੀ ਗੁਰਦੁਆਰੇ ਦੀ ਸਟੇਜ ਤੋਂ ਐਲਾਨ ਕੀਤਾ ਕਿ ਖਾਲਿਸਤਾਨੀ ਜਨਮਤ ਸੰਗ੍ਰਹਿ ਦਾ ਅਗਲਾ ਪੜਾਅ 28 ਜਨਵਰੀ, 2024 ਵਿਚ ਸਾਨ ਫਰਾਂਸਿਸਕੋ ਵਿਚ ਹੋਵੇਗਾ।
ਸੁੱਖੀ ਚਾਹਲ ਨੇ ਕਿਹਾ ਕਿ ਐੱਸ.ਐੱਫ.ਜੇ. ਵੱਲੋਂ ਅਮਰੀਕਾ ਵਿਚ ਇਸ ਤਰ੍ਹਾਂ ਦੀ ਫਿਜੂਲ ਰਾਇਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਦੀ ਇਹ ਪਹਿਲੀ ਮਿਸਾਲ ਹੈ। ਇਹ ਮੰਦਭਾਗਾ ਹੈ ਕਿ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਦੇ ਮਿਹਨਤੀ ਮੁੱਖਧਾਰਾ ਸਿੱਖ ਭਾਈਚਾਰੇ ‘ਤੇ ਮਾੜੇ ਨਤੀਜੇ ਨਿਕਲ ਸਕਦੇ ਹਨ। ਵਰਨਣਯੋਗ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵੱਲੋਂ ਲਗਾਤਾਰ ਮਿਲ ਰਹੇ ਸਮਰਥਨ ਦੇ ਬਾਵਜੂਦ ਉਨ੍ਹਾਂ ਦੀ ਜਨਮਤ ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ। ਕੈਨੇਡਾ ਵਿਚ 29 ਅਕਤੂਬਰ ਨੂੰ ਇੱਕ ਹੋਰ ਖਾਲਿਸਤਾਨੀ ਰਾਏਸ਼ੁਮਾਰੀ ਦੇ ਫਲਾਪ ਹੋਣ ਤੋਂ ਬਾਅਦ, ਉਨ੍ਹਾਂ ਨੇ ਸਾਨ ਫਰਾਂਸਿਸਕੋ ਵਿਚ ਜਨਮਤ ਸੰਗ੍ਰਹਿ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਰਿਪੋਰਟ ਅਨੁਸਾਰ 29 ਅਕਤੂਬਰ ਨੂੰ ਸਰੀ ਵਿਚ ਹੋਏ ਤਾਜ਼ਾ ਜਨਮਤ ਸੰਗ੍ਰਹਿ ਲਈ ਲੰਬੀ ਮੁਹਿੰਮ ਚਲਾਈ ਗਈ ਸੀ ਪਰ ਸਿਰਫ਼ 2000 ਲੋਕ ਹੀ ਵੋਟ ਪਾਉਣ ਆਏ ਸਨ। ਸੂਤਰਾਂ ਅਨੁਸਾਰ ਇਸ ਵਾਰ ਰਾਏਸ਼ੁਮਾਰੀ ਵਿਚ ਹਿੱਸਾ ਲੈਣ ਵਾਲੇ ਲੋਕਾਂ ਦਾ ਹੀ ਗਰੁੱਪ ਅੱਗੇ ਆਇਆ, ਜਿਸ ਵਿਚ ਮੁੱਖ ਤੌਰ ‘ਤੇ ਵਿਦਿਆਰਥੀ ਸ਼ਾਮਲ ਸਨ, ਕੋਈ ਨਵਾਂ ਗਰੁੱਪ ਸ਼ਾਮਲ ਨਹੀਂ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਂਤੀ ਦੇ ਦੁਸ਼ਮਣ ਵੱਖਵਾਦੀ ਅੱਤਵਾਦੀ ਸਮੂਹ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇਣਾ ਚਾਹੁੰਦੇ ਹਨ ਪਰ ਸ਼ਾਂਤੀ ਦੇ ਸਮਰਥਕਾਂ ਕਾਰਨ ਉਨ੍ਹਾਂ ਦੀਆਂ ਸਾਰੀਆਂ ਚਾਲਾਂ ਨਾਕਾਮ ਸਾਬਤ ਹੋ ਰਹੀਆਂ ਹਨ।