ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ (ਐੱਫ.ਐੱਸ.ਐੱਸ.ਏ.ਆਈ.) ਨੇ ਕਿਹਾ ਕਿ ਦੇਸ਼ ਭਰ ‘ਚ ਮਸਾਲਿਆਂ ਦੇ ਸੈਂਪਲਾਂ ਦੀ ਵੱਡੇ ਪੱਧਰ ‘ਤੇ ਜਾਂਚ ਦੌਰਾਨ ਉਨ੍ਹਾਂ ‘ਚ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣ ਈਥੇਲੀਨ ਔਕਸਾਈਡ (ਈ.ਟੀ.ਓ.) ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਜਾਂਚ ਲਈ ਐਵਰੈਸਟ ਤੇ ਐੱਮ.ਡੀ.ਐੱਚ. ਮਸਾਲਿਆਂ ਦੇ 34 ਸੈਂਪਲ ਲਏ ਗਏ ਸਨ, ਜਿਨ੍ਹਾਂ ‘ਚ ਈ.ਟੀ.ਓ. ਦੀ ਮਾਤਰਾ ਹੱਦੋਂ ਤੋਂ ਵੱਧ ਨਹੀਂ ਪਾਈ ਗਈ। ਇਹ ਜਾਂਚ ਹਾਂਗਕਾਂਗ ਖੁਰਾਕ ਸੁਰੱਖਿਆ ਅਥਾਰਿਟੀ ਵੱਲੋਂ ਮਸਾਲਿਆਂ ‘ਚ ਈ.ਟੀ.ਓ. ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣ ਐੱਮ.ਡੀ.ਐੱਚ. ਅਤੇ ਐਵਰੈਸਟ ਕੰਪਨੀ ਦੇ ਕੁਝ ਮਸਾਲਾ ਉਤਪਾਦ ਵਾਪਸ ਲਏ ਜਾਣ ਮਗਰੋਂ ਵਿੱਢੀ ਗਈ ਸੀ। ਐੱਫ.ਐੱਸ.ਐੱਸ.ਏ.ਆਈ. ਨੇ ਨਿਰੀਖਣ ਲਈ 22 ਅਪ੍ਰੈਲ ਤੋਂ ਦੇਸ਼ਵਿਆਪੀ ਜਾਂਚ ਮੁਹਿੰਮ ਚਲਾਈ ਸੀ, ਜਿਸ ਵਿਚ ਸੂਬਾਈ ਤੇ ਕੇਂਦਰੀ ਸ਼ਾਸਿਤ ਖੁਰਾਕ ਸੁਰੱਖਿਆ ਕਮਿਸ਼ਨਰ ਤੇ ਖੇਤਰੀ ਕਮਿਸ਼ਨਰ ਸ਼ਾਮਲ ਸਨ।