#AMERICA

ਐੱਫ-1 ਵੀਜ਼ਾ ਰੱਦ ਹੋਣ ਦੀ ਦਰ 10 ਸਾਲ ਦੇ ਉੱਚ ਪੱਧਰ ‘ਤੇ ਪਹੁੰਚੀ

-ਇਸ ਸਾਲ 6.79 ਲੱਖ ਅਰਜ਼ੀਆਂ ਵਿਚੋਂ 2.79 ਲੱਖ ਵੀਜ਼ਾ ਅਰਜ਼ੀਆਂ ਰੱਦ
ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਵਿੱਤੀ ਸਾਲ 2023-24 ‘ਚ ਐੱਫ-1 ਵੀਜ਼ਾ ਰੱਦ ਹੋਣ ਦੀ ਦਰ 10 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਅਮਰੀਕੀ ਸਰਕਾਰ ਮੁਤਾਬਕ, ਇਸ ਸਾਲ 6.79 ਲੱਖ ਅਰਜ਼ੀਆਂ ਵਿਚੋਂ 2.79 ਲੱਖ (41%) ਨੂੰ ਰੱਦ ਕਰ ਦਿੱਤਾ ਗਿਆ ਹੈ, ਜੋ ਕਿ ਪਿਛਲੇ ਸਾਲ 36% ਤੋਂ ਘੱਟ ਹੈ। ਹਾਲਾਂਕਿ ਅਮਰੀਕਾ ਨੇ ਦੇਸ਼-ਵਾਰ ਵੀਜ਼ਾ ਰੱਦ ਕਰਨ ਦੀਆਂ ਦਰਾਂ ਨੂੰ ਸਾਂਝਾ ਨਹੀਂ ਕੀਤਾ ਹੈ।
ਰਿਪੋਰਟ ਮੁਤਾਬਕ, 2024 ਦੇ ਪਹਿਲੇ 9 ਮਹੀਨਿਆਂ ਵਿਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਵੀਜ਼ਿਆਂ ਵਿਚ 38% ਦੀ ਗਿਰਾਵਟ ਆਈ ਹੈ। 2023 ਵਿਚ ਇਸੇ ਮਿਆਦ ਵਿਚ 1.03 ਲੱਖ ਭਾਰਤੀ ਵਿਦਿਆਰਥੀਆਂ ਨੂੰ ਐੱਫ-1 ਵੀਜ਼ਾ ਮਿਲਿਆ, ਜਦੋਂਕਿ 2024 ਵਿਚ ਇਹ ਗਿਣਤੀ ਘੱਟ ਕੇ 64,008 ਰਹਿ ਗਈ। ਜੇਕਰ ਪਿਛਲੇ ਦਹਾਕੇ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ 2014-15 ‘ਚ ਕੁੱਲ 8.56 ਲੱਖ ਐੱਫ-1 ਵੀਜ਼ਾ ਅਰਜ਼ੀਆਂ ਆਈਆਂ ਸਨ। ਇਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਇਹ ਗਿਣਤੀ ਘੱਟ ਕੇ 1.62 ਲੱਖ ਰਹਿ ਗਈ। ਮਹਾਮਾਰੀ ਤੋਂ ਬਾਅਦ ਅਰਜ਼ੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ, ਪਰ 2023-24 ਵਿਚ 3% ਦੀ ਗਿਰਾਵਟ ਦੇਖੀ ਗਈ।
ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ, ਸਾਰੇ ਵੀਜ਼ਾ ਫੈਸਲੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ (ਆਈ.ਐੱਨ.ਏ.) ਅਤੇ ਸੰਘੀ ਨਿਯਮਾਂ ਅਨੁਸਾਰ ਕੇਸ-ਦਰ-ਕੇਸ ਦੇ ਆਧਾਰ ‘ਤੇ ਕੀਤੇ ਜਾਂਦੇ ਹਨ। ਹਾਲਾਂਕਿ, 2019 ਤੋਂ ਵੀਜ਼ਾ ਡਾਟਾ ਗਣਨਾ ਵਿਧੀ ਵਿਚ ਬਦਲਾਅ ਕੀਤੇ ਗਏ ਹਨ, ਜਿਸ ਨਾਲ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਵੀਜ਼ਾ ਰੱਦ ਕਰਨ ਵਿਚ ਵਾਧੇ ਦਾ ਅਸਲ ਕਾਰਨ ਕੀ ਹੈ। ਸਿਰਫ ਅਮਰੀਕਾ ਹੀ ਨਹੀਂ, ਸਗੋਂ ਹੋਰ ਦੇਸ਼ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ‘ਤੇ ਵਿਚਾਰ ਕਰ ਰਹੇ ਹਨ। ਕੈਨੇਡਾ ਨੇ 2024 ਵਿਚ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 35% ਘਟਾਉਣ ਦਾ ਐਲਾਨ ਕੀਤਾ, 2025 ਵਿਚ ਇਸ ਨੂੰ ਹੋਰ 10% ਤੱਕ ਘਟਾਉਣ ਦੀ ਯੋਜਨਾ ਹੈ। ਬ੍ਰਿਟੇਨ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਨਿਰਭਰ ਲੋਕਾਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ, ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿਚ 40% ਦੀ ਗਿਰਾਵਟ ਆਈ ਹੈ।
ਹਾਲਾਂਕਿ ਵੀਜ਼ਾ ਰੱਦ ਹੋਣ ਦੇ ਮਾਮਲੇ ਵੱਧ ਰਹੇ ਹਨ, ਭਾਰਤੀ ਵਿਦਿਆਰਥੀ ਅਮਰੀਕਾ ਵਿਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਵਜੋਂ ਉੱਭਰ ਰਹੇ ਹਨ। 2023-24 ਵਿਚ ਅਮਰੀਕਾ ਵਿਚ ਕੁੱਲ 3.31 ਲੱਖ ਭਾਰਤੀ ਵਿਦਿਆਰਥੀ ਸਨ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 29.4% ਬਣਦੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਤੋਂ ਵੱਧ ਗਈ ਹੈ। ਐੱਫ-1 ਵੀਜ਼ਾ ਰੱਦ ਹੋਣ ‘ਚ ਵਾਧਾ ਇਹ ਸਪੱਸ਼ਟ ਕਰਦਾ ਹੈ ਕਿ ਅਮਰੀਕਾ ‘ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਹੁਣ ਹੋਰ ਸਾਵਧਾਨ ਰਹਿਣਾ ਹੋਵੇਗਾ। ਇੱਕ ਮਜ਼ਬੂਤ ਅਕਾਦਮਿਕ ਪ੍ਰੋਫਾਈਲ, ਸਪੱਸ਼ਟ ਕਰੀਅਰ ਦੇ ਟੀਚਿਆਂ ਅਤੇ ਸਹੀ ਦਸਤਾਵੇਜ਼ਾਂ ਨਾਲ ਅਪਲਾਈ ਕਰਨਾ ਵੀਜ਼ਾ ਪ੍ਰਾਪਤ ਕਰਨ ਦੀਆਂ ਤੁਹਾਡੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ।