#AMERICA

ਐੱਫ.ਬੀ.ਆਈ. ਵੱਲੋਂ ਫੰਡ ਰੇਜ਼ਿੰਗ ਮਾਮਲੇ ’ਚ ਨਿਊਯਾਰਕ ਮੇਅਰ ਦੇ ਮੋਬਾਇਲ ਫੋਨ, ਆਈ ਪੈਡ ਜ਼ਬਤ

ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਦਾਲਤ ਵੱਲੋਂ ਜਾਰੀ ਤਲਾਸ਼ੀ ਵਾਰੰਟਾਂ ’ਤੇ ਕਾਰਵਾਈ ਕਰਦਿਆਂ ਐੱਫ.ਬੀ.ਆਈ. ਦੇ ਅਧਿਕਾਰੀਆਂ ਨੇ ਫੰਡ ਰੇਜ਼ਿੰਗ ਦੇ ਮਾਮਲੇ ਦੀ ਚੱਲ ਰਹੀ ਸੰਘੀ ਜਾਂਚ ਤਹਿਤ ਨਿਊਯਾਰਕ ਦੇ ਮੇਅਰ ਏਰਿਕ ਐਡਮਜ ਦੇ ਸੈੱਲ ਫੋਨ ਤੇ ਆਈ ਪੈਡ ਨੂੰ ਜ਼ਬਤ ਕਰ ਲੈਣ ਦੀ ਖਬਰ ਹੈ। ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਐੱਫ.ਬੀ.ਆਈ. ਨੇ ਇਹ ਕਾਰਵਾਈ ਇਸ ਹਫਤੇ ਦੇ ਸ਼ੁਰੂ ਵਿਚ ਕੀਤੀ ਹੈ। ਐੱਫ.ਬੀ.ਆਈ. ਦੀ ਇਸ ਕਾਰਵਾਈ ਨਾਲ ਜਾਂਚ ’ਚ ਇਕ ਨਾਟਕੀ ਮੋੜ ਆਇਆ ਹੈ।ਐੱਫ.ਬੀ.ਆਈ. ਤੇ ਯੂ.ਐੱਸ. ਅਟਾਰਨੀ ਦੱਖਣੀ ਜ਼ਿਲ੍ਹਾ ਨਿਊਯਾਰਕ ਦੇ ਦਫਤਰ ਵੱਲੋਂ ਕੀਤੀ ਜਾ ਰਹੀ ਜਾਂਚ ’ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਫੰਡ ਰੇਜ਼ਿੰਗ ਤਹਿਤ ਵਿਦੇਸ਼ੀ ਪੈਸਾ ਵੀ ਲਿਆ ਗਿਆ ਸੀ। ਹਾਲਾਂਕਿ ਅਜੇ ਤੱਕ ਡੈਮੋਕਰੈਟਿਕ ਆਗੂ ਐਡਮਜ਼ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਵਿਚ ਦੋਸ਼ੀ ਨਹੀਂ ਪਾਇਆ ਗਿਆ ਹੈ ਪਰੰਤੂ ਉਹ ਵਿਦੇਸ਼ੀ ਸਰਕਾਰਾਂ ਨਾਲ ਸਬੰਧ ਰੱਖਣ ਦੀ ਹੋ ਰਹੀ ਜਾਂਚ ਦੇ ਘੇਰੇ ਵਿਚ ਆਉਣ ਵਾਲਾ ਨਵਾਂ ਰਾਜਸੀ ਆਗੂ ਜ਼ਰੂਰ ਬਣ ਗਿਆ ਹੈ। ਐਡਮਜ਼ ਦੇ ਚੀਫ ਫੰਡ ਰੇਜਰ ਦੇ ਘਰ ’ਚ ਛਾਪਾ ਮਾਰਨ ਦੇ ਕੁਝ ਦਿਨਾਂ ਬਾਅਦ ਐੱਫ.ਬੀ.ਆਈ. ਨੇ ਉਕਤ ਕਾਰਵਾਈ ਅਮਲ ’ਚ ਲਿਆਂਦੀ ਹੈ।