ਖੰਨਾ, 31 ਮਈ (ਪੰਜਾਬ ਮੇਲ)- ਖੰਨਾ ਵਿਖੇ ਇੱਕ ਐੱਨ.ਆਰ.ਆਈ. ਦੀ ਭਰਿੰਡ ਲੜਨ ਮਗਰੋਂ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਉਮਰ 40 ਸਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਆਸਟ੍ਰੇਲੀਆ ਤੋਂ ਵਾਪਸ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਰਮਨਦੀਪ ਸਿੰਘ ਦੇ ਗਲੇ ਉਪਰ ਭਰਿੰਡ ਲੜ ਗਈ, ਜਿਸ ਮਗਰੋਂ ਉਸਦੀ ਹਾਲਤ ਖਰਾਬ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰਮਨਦੀਪ ਨੂੰ ਦੋ ਨਿੱਜੀ ਹਸਪਤਾਲਾਂ ‘ਚ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ।
ਇਸ ਮਗਰੋਂ ਪਰਿਵਾਰ ਦੇ ਲੋਕ ਰਮਨਦੀਪ ਨੂੰ ਸਰਕਾਰੀ ਹਸਪਤਾਲ ਖੰਨਾ ਲੈ ਕੇ ਆਏ, ਜਿੱਥੇ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨਵਦੀਪ ਜੱਸਲ ਨੇ ਵੀ ਕੋਸ਼ਿਸ਼ ਕੀਤੀ ਪ੍ਰੰਤੂ ਮਰੀਜ਼ ਦੇ ਸਾਹ ਨਹੀਂ ਚੱਲ ਰਹੇ ਸੀ। ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਪਰਿਵਾਰ ਵਾਲਿਆਂ ਅਨੁਸਾਰ ਰਮਨਦੀਪ ਨੂੰ ਭਰਿੰਡ ਲੜੀ ਹੈ ਪਰ ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ‘ਚ ਹੀ ਪਤਾ ਲੱਗੇਗਾ।