#PUNJAB

ਐੱਨ.ਆਰ.ਆਈ. ਔਰਤ ਵੱਲੋਂ ‘ਆਪ’ ਵਿਧਾਇਕਾ ਸਰਬਜੀਤ ਮਾਣੂੰਕੇ ‘ਤੇ ਕਬਜ਼ਾ ਕਰਨ ਦਾ ਦੋਸ਼

ਜਗਰਾਉਂ, 14 ਜੂਨ (ਪੰਜਾਬ ਮੇਲ)-ਇਥੇ ਇਕ ਐੱਨ.ਆਰ.ਆਈ. ਔਰਤ ਨੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ‘ਤੇ ਸਥਾਨਕ ਹੀਰਾ ਬਾਗ ਸਥਿਤ ਉਸ ਦੀ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਵਿਧਾਇਕਾ ਖ਼ਿਲਾਫ਼ ਕਾਰਵਾਈ ਮੰਗੀ ਹੈ। ਦੂਜੇ ਪਾਸੇ ਵਿਧਾਇਕਾ ਮਾਣੂੰਕੇ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਸੱਟ ਮਾਰਨ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਰਾਏ ਵਾਲੀ ਪੁਰਾਣੀ ਕੋਠੀ ਛੱਡ ਕੇ ਉਹ ਨਵੀਂ ਕੋਠੀ ‘ਚ ਵੀ ਕਿਰਾਏ ‘ਤੇ ਹੀ ਆਏ ਹਨ। ਇਸ ਦਾ ਬਾਕਾਇਦਾ ਕਿਰਾਏ ਸਬੰਧੀ ‘ਇਕਰਾਰ’ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਹੁਣ ਕੋਠੀ ਦੇ ਦੋ ਮਾਲਕ ਸਾਹਮਣੇ ਆ ਗਏ ਹਨ ਤਾਂ ਇਸ ਦੀ ਜਾਂਚ ਕਰਵਾਈ ਜਾਵੇ ਅਤੇ ਜਿਹੜਾ ਅਸਲ ਮਾਲਕ ਹੋਵੇਗਾ, ਉਹ ਉਸ ਨੂੰ ਕੋਠੀ ਦੀਆਂ ਚਾਬੀਆਂ ਦੇਣ ਲਈ ਤਿਆਰ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਸ਼ਿਕਾਇਤ ਜਾਂਚ ਲਈ ਅੱਗੇ ਐੱਸ.ਪੀ. (ਡੀ) ਨੂੰ ਭੇਜ ਦਿੱਤੀ ਹੈ।
ਸ਼ਿਕਾਇਤਕਰਤਾ ਅਮਰਜੀਤ ਕੌਰ ਨੇ ਖੁਦ ਨੂੰ ਲੋਪੋਂ (ਮੋਗਾ) ਦੀ ਰਹਿਣ ਵਾਲੀ ਦੱਸਦਿਆਂ ਕਿਹਾ ਕਿ ਉਸ ਦੀ ਜਗਰਾਉਂ ਦੇ ਹੀਰਾ ਬਾਗ ਵਿਚ ਕੋਠੀ ਹੈ, ਜੋ ਕਈ ਸਾਲਾਂ ਤੋਂ ਖਾਲੀ ਪਈ ਸੀ। ਉਨ੍ਹਾਂ ਉਸ ਕੋਠੀ ‘ਤੇ ਵਿਧਾਇਕਾ ਵੱਲੋਂ ਕਥਿਤ ਨਾਜਾਇਜ਼ ਕਬਜ਼ਾ ਕਰਨ ਅਤੇ ਉਸ ‘ਚ ਦਾਖ਼ਲ ਨਾ ਹੋਣ ਦੇਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਵਿਧਾਇਕਾ ਨੇ ਕਰਮ ਸਿੰਘ ਨਾਂ ਦੇ ਵਿਅਕਤੀ ਤੋਂ ਕੋਠੀ ਕਿਰਾਏ ‘ਤੇ ਲੈਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਸਬੰਧੀ ਪਤਾ ਲੱਗਣ ‘ਤੇ ਉਨ੍ਹਾਂ ਖੁਦ ਪੁਲਿਸ ਕੋਲ ਜਾ ਕੇ ਅਸਲ ਮਾਲਕ ਦਾ ਪਤਾ ਲਾਉਣ ਲਈ ਜਾਂਚ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਤੇ ਹੋਰ ਮੰਤਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।

Leave a comment