ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇੱਕ ਵਿਅਕਤੀ ਨੂੰ ਬਦਨਾਮ ‘ਡੰਕੀ’ ਰੂਟ ਰਾਹੀਂ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਭੇਜਣ ਦੇ ਮਾਮਲੇ ਵਿਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੋਲਡੀ ਨੂੰ ਐੱਨ.ਆਈ.ਏ. ਨੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ਼ੌਰਤਲਬ ਹੈ ਕਿ ‘ਡੰਕੀ’ ਸ਼ਬਦ ‘ਗਧਾ/ਖੋਤਾ’ ਸ਼ਬਦ ਤੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਡੰਕੀ’ ਕਿਹਾ ਜਾਂਦਾ ਹੈ। ਡੰਕੀ ਰੂਟ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਗੈਰਕਾਨੂੰਨੀ ਰਸਤੇ ਰਾਹੀਂ ਨੂੰ ਤੇ ਬਿਨਾਂ ਕਿਸੇ ਦਸਤਾਵੇਜ਼ ਆਦਿ ਦੇ ਅਮਰੀਕਾ ਵਰਗੇ ਦੇਸ਼ਾਂ ਵਿਚ ਦਾਖਲ ਕਰਵਾਉਣਾ। ਇਸ ਮਕਸਦ ਲਈ ਬਹੁਤ ਹੀ ਖਤਰਨਾਕ ਤੇ ਜ਼ੋਖਮ ਭਰੇ ਰਸਤਿਆਂ ਅਤੇ ਢੰਗ-ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੀ ਜ਼ੋਖਮ ਭਰੀ ਅਤੇ ਔਖੀ ਯਾਤਰਾ ਆਮ ਤੌਰ ‘ਤੇ ਮਨੁੱਖੀ-ਤਸਕਰੀ ਸਿੰਡੀਕੇਟ ਰਾਹੀਂ ਪੂਰੀ ਕਰਵਾਈ ਜਾਂਦੀ ਹੈ।
ਐੱਨ.ਆਈ.ਏ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਗੋਲਡੀ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪੀੜਤ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਲਈ ਲਗਭਗ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਪੀੜਤ ਨੂੰ ਦਸੰਬਰ 2024 ਵਿਚ ‘ਡੰਕੀ’ ਰਸਤੇ ਅਮਰੀਕਾ ਭੇਜਿਆ ਗਿਆ ਸੀ।
ਉਸਨੂੰ ਅਮਰੀਕੀ ਅਧਿਕਾਰੀਆਂ ਨੇ 15 ਫਰਵਰੀ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ”ਏਜੰਟ” ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਸਲ ਵਿਚ ਪੰਜਾਬ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿਚ, 13 ਮਾਰਚ ਨੂੰ ਐੱਨ.ਆਈ.ਏ. ਨੇ ਇਸਨੂੰ ਆਪਣੇ ਹੱਥ ਵਿੱਚ ਲੈ ਲਿਆ।
ਐੱਨ.ਆਈ.ਏ. ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਗੋਲਡੀ, ਜਿਸ ਕੋਲ ਲੋਕਾਂ ਨੂੰ ਵਿਦੇਸ਼ ਭੇਜਣ ਲਈ ਕੋਈ ਲਾਇਸੈਂਸ ਜਾਂ ਕਾਨੂੰਨੀ ਪਰਮਿਟ ਜਾਂ ਰਜਿਸਟ੍ਰੇਸ਼ਨ ਨਹੀਂ ਸੀ, ਨੇ ‘ਡੰਕੀ’ ਰਸਤੇ ਦੀ ਵਰਤੋਂ ਕੀਤੀ ਸੀ ਅਤੇ ਪੀੜਤ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਆਦਿ ਰਾਹੀਂ ਅਮਰੀਕਾ ਭੇਜਿਆ ਸੀ।
ਐੱਨ.ਆਈ.ਏ. ਜਾਂਚਾਂ ਵਿਚ ਅੱਗੇ ਕਿਹਾ ਗਿਆ ਹੈ ਕਿ ”ਗੋਲਡੀ ਦੇ ਸਹਿਯੋਗੀਆਂ ਨੇ ਪੀੜਤ ਨੂੰ ਕੁੱਟਿਆ-ਮਾਰਿਆ ਅਤੇ ਸ਼ੋਸ਼ਣ ਵੀ ਕੀਤਾ, ਇਸ ਤੋਂ ਇਲਾਵਾ ਉਹ ਜੋ ਡਾਲਰ ਲੈ ਕੇ ਜਾ ਰਿਹਾ ਸੀ, ਉਨ੍ਹਾਂ ਨੂੰ ਰਸਤੇ ਵਿਚ ਖੋਹ ਲਿਆ ਗਿਆ।”
ਲੋਕ ਸਭਾ ਵਿਚ ਇੱਕ ਸਵਾਲ ਦੇ ਜਵਾਬ ਵਿਚ, ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ 28 ਮਾਰਚ ਨੂੰ ਕਿਹਾ ਸੀ, ”ਜਨਵਰੀ 2025 ਤੋਂ ਹੁਣ ਤੱਕ, ਕੁੱਲ 636 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ।”
ਐੱਨ.ਆਈ.ਏ. ਵੱਲੋਂ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਮੁੱਖ ਦੋਸ਼ੀ ਗ੍ਰਿਫ਼ਤਾਰ
