#INDIA

ਐੱਨ.ਆਈ.ਏ. ਵੱਲੋਂ ਅਰਸ਼ ਡੱਲਾ ਤੇ 3 ਹੋਰਨਾਂ ਖਿਲਾਫ ਚਾਰਜਸ਼ੀਟ ਦਾਇਰ

-ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਮਲੇ ਕਰਵਾਉਣ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਲੱਗੇ ਦੋਸ਼
ਨਵੀਂ ਦਿੱਲੀ, 22 ਮਈ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ‘ਚ ਸਥਿਤ ਖ਼ਾਲਿਸਤਾਨ ਸਮਰਥਕ ਅਰਸ਼ਦੀਪ ਸਿੰੰਘ ਉਰਫ਼ ਅਰਸ਼ ਡੱਲਾ ਤੇ ਉਸ ਦੇ 3 ਸਹਿਯੋਗੀਆਂ ਖ਼ਿਲਾਫ਼ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਮਲੇ ਕਰਵਾਉਣ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਚਾਰਜਸ਼ੀਟ ਦਾਇਰ ਕੀਤੀ। ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਏਜੰਸੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਅਰਸ਼ ਡੱਲਾ ਵਲੋਂ ਸੰਚਾਲਤ ਸਲੀਪਰ ਸੈੱਲ ਨੂੰ ਖ਼ਤਮ ਕਰਨ ਦੇ ਐੱਨ.ਆਈ.ਏ. ਦੇ ਯਤਨਾਂ ‘ਚ ਵੱਡੀ ਚਾਲ ਹੈ।
ਨਵੀਂ ਦਿੱਲੀ ‘ਚ ਐੱਨ.ਆਈ.ਏ. ਦੀ ਸਪੈਸ਼ਲ ਕੋਰਟ ‘ਚ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਤੇ ਉਸ ਦੇ ਭਾਰਤੀ ਏਜੰਟਾਂ ਹਰਜੀਤ ਸਿੰਘ ਉਰਫ਼ ਹੈਰੀ ਮੌਰ, ਰਵਿੰਦਰ ਸਿੰਘ ਉਰਫ਼ ਰਾਜਵਿੰਦਰ ਸਿੰਘ ਉਰਫ਼ ਹੈਰੀ ਰਾਜਪੁਰਾ ਤੇ ਰਾਜੀਵ ਕੁਮਾਰ ਉਰਫ਼ ਸ਼ੀਲਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅੱਤਵਾਦ ਰੋਕੂ ਏਜੰਸੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਤਿੰਨੋਂ ਸਹਿਯੋਗੀ ਖ਼ਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਡੱਲਾ ਦੀਆਂ ਹਦਾਇਤਾਂ ‘ਤੇ ਭਾਰਤ ‘ਚ ਵੱਡਾ ਅੱਤਵਾਦੀ-ਗੈਂਗਸਟਰ ਸਿੰਡੀਕੇਟ ਚਲਾ ਰਹੇ ਸਨ
ਐੱਨ.ਆਈ.ਏ. ਨੇ ਕਿਹਾ ਕਿ ਮੁਲਜ਼ਮ ਮੌਰ ਤੇ ਰਾਜਪੁਰਾ ਸਲੀਪਰ ਸੈੱਲ ਵਜੋਂ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੂੰ ਰਾਜੀਵ ਕੁਮਾਰ ਵਲੋਂ ਪਨਾਹ ਦਿੱਤੀ ਜਾ ਰਹੀ ਸੀ। ਐੱਨ.ਆਈ.ਏ. ਨੇ ਚਾਰਜਸ਼ੀਟ ‘ਚ ਦਾਅਵਾ ਕੀਤਾ ਹੈ ਕਿ ਤਿੰਨਾਂ ਨੇ ਡੱਲਾ ਦੀ ਹਦਾਇਤ ‘ਤੇ ਉਸ ਪਾਸੋਂ ਪ੍ਰਾਪਤ ਧਨ ਨਾਲ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਏਜੰਸੀ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਮੌਰ ਤੇ ਰਾਜਪੁਰਾ ਗਿਰੋਹ ਦੇ ਸ਼ੂਟਰ ਸਨ ਤੇ ਉਨ੍ਹਾਂ ਨੂੰ ਟਾਰਗੇਟ ਕਿਲਿੰਗਜ਼ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ, ਜਦਕਿ ਰਾਜੀਵ ਕੁਮਾਰ ਉਰਫ਼ ਸ਼ੀਲਾ ਨੂੰ ਹੈਰੀ ਮੌਰ ਤੇ ਹੈਰੀ ਰਾਜਪੁਰਾ ਨੂੰ ਪਨਾਹ ਦੇਣ ਲਈ ਅਰਸ਼ ਡੱਲਾ ਤੋਂ ਪੈਸਾ ਮਿਲ ਰਿਹਾ ਸੀ।
ਐੱਨ.ਆਈ.ਏ. ਦੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਰਾਜੀਵ ਕੁਮਾਰ, ਡੱਲਾ ਦੀ ਹਦਾਇਤ ‘ਤੇ ਹੋਰ 2 ਲਈ ਰਸਦ ਸਹਾਇਤਾ ਤੇ ਹਥਿਆਰਾਂ ਦਾ ਪ੍ਰਬੰਧ ਵੀ ਕਰਦਾ ਸੀ। ਜਾਂਚ ਏਜੰਸੀ ਨੇ ਮੌਰ ਤੇ ਰਾਜਪੁਰਾ ਨੂੰ 23 ਨਵੰਬਰ, 2023 ਨੂੰ ਤੇ ਕੁਮਾਰ ਨੂੰ 12 ਜਨਵਰੀ, 2024 ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਐੱਨ.ਆਈ.ਏ. ਨੇ ਕਿਹਾ, ”ਪੂਰੇ ਅੱਤਵਾਦੀ-ਗੈਂਗਸਟਰ ਸਿੰਡੀਕੇਟ ਨੂੰ ਖ਼ਤਮ ਕਰਨ ਲਈ ਜਾਂਚ ਜਾਰੀ ਹੈ।”