ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਐੱਨ.ਆਈ.ਏ. ਦੀ ਕਾਰਵਾਈ ਨਿੰਦਣਯੋਗ ਕਰਾਰ
ਰਈਆ, 13 ਸਤੰਬਰ (ਪੰਜਾਬ ਮੇਲ)- ਸ਼ੁੱਕਰਵਾਰ ਤੜਕਸਾਰ 5:30 ਵਜੇ ਐੱਨ.ਆਈ.ਏ. ਦੀਆਂ ਵੱਖ-ਵੱਖ ਟੀਮਾਂ ਵਲੋਂ ਹਲਕਾ ਖਡੂਰ ਸਾਹਿਬ ਦੇ ਐੱਮ.ਪੀ. ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਬੁਤਾਲਾ, ਜਲੰਧਰ ਖੇੜਾ ਅਤੇ ਕਸਬਾ ਰਈਆ ਫੇਰੂ ਮਾਨ ਰੋਡ ‘ਤੇ ਛਾਪਾਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਜਾਂਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਅਤੇ ਚਾਰ ਦੀਵਾਰੀ ਤੇ ਖ਼ਾਲਿਸਤਾਨ ਝੰਡੇ ਬੰਨੇ ਕੇ ਇਮਾਰਤ ਅੰਦਰ ਗਰਨੇਡ ਸੁੱਟਣ ਸਬੰਧੀ ਦਰਜ ਹੋਈ ਇਕ ਐੱਫ.ਆਈ.ਆਰ. ਸਬੰਧੀ ਕੀਤੀ ਜਾ ਰਹੀ ਹੈ।
ਐੱਨ.ਆਈ.ਏ. ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਣਵਈਏ ਅਮਰਜੋਤ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਬੁਤਾਲਾ ਅਤੇ ਰਿਸ਼ਤੇਦਾਰੀ ਵਿਚ ਲੱਗਦੇ ਚਾਚਾ ਪ੍ਰਗਟ ਸਿੰਘ ਜਲੂ ਪੁਰ ਖੇੜਾ ਦੇ ਘਰ ਛਾਪਾ ਮਾਰਿਆ ਗਿਆ। ਕੈਨੇਡਾ ਰਹਿੰਦੇ ਅਮਰਜੋਤ ਸਿੰਘ ਦੇ ਜੱਦੀ ਘਰ ਪਿੰਡ ਬੁਤਾਲਾ ‘ਚ ਮਾਰੇ ਛਾਪੇ ਦੌਰਾਨ ਉਸ ਦੀ ਭਰਜਾਈ ਘਰ ਵਿਚ ਹੀ ਮੌਜੂਦ ਸੀ। ਇਸ ਦੌਰਾਨ ਐੱਨ.ਆਈ.ਏ. ਦੀ ਟੀਮ ਲਗਾਤਾਰ ਪੰਜ ਘੰਟੇ ‘ਚ ਛਾਣਬੀਣ ਕਰਦੀ ਰਹੀ। ਇਸ ਮੌਕੇ ਟੀਮ ਅਧਿਕਾਰੀ ਪੈੱਨ ਡਰਾਈਵ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਨਾਲ ਲੈ ਗਏ।
ਉਧਰ ਐੱਨ.ਆਈ.ਏ. ਦੀ ਦੂਜੀ ਟੀਮ ਨੇ ਪਿੰਡ ਜਲੂ ਪੁਰ ਖੇੜਾ ਵਿਚ ਪ੍ਰਗਟ ਸਿੰਘ ਦੇ ਘਰ ਉਸ ਦੀ ਪਤਨੀ ਅਮਰਜੀਤ ਕੌਰ ਤੋਂ ਪੁੱਛਗਿੱਛ ਕੀਤੀ ਅਤੇ ਕਰੀਬ ਦੋ ਘੰਟੇ ਘਰ ਦੀ ਛਾਣਬੀਣ ਕਰਨ ਉਪਰੰਤ ਦੋ ਮੋਬਾਇਲ ਫ਼ੋਨ, ਪੈੱਨ ਡਰਾਈਵ, ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਤੇ ਹਿਸਾਬ-ਕਿਤਾਬ ਵਾਲਾ ਕਾਗ਼ਜ਼ ਜ਼ਬਤ ਕਰਦਿਆਂ ਅਮਰਜੀਤ ਕੌਰ ਨੂੰ ਪੁਲਿਸ ਥਾਣਾ ਬਿਆਸ ਲੈ ਗਏ। ਜਿੱਥੇ ਉਨ੍ਹਾਂ ਨੇ ਕਰੀਬ ਪੰਜ ਘੰਟੇ ਪ੍ਰਗਟ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਕੀਤੀ।
ਇਸ ਮੌਕੇ ਅਧਿਕਾਰੀਆਂ ਨੇ ਪ੍ਰਗਟ ਸਿੰਘ ਨੂੰ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿਚ ਪੇਸ਼ ਕਰਨ ਸਬੰਧੀ ਕਿਹਾ ਹੈ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਐੱਨ.ਆਈ.ਏ. ਟੀਮ ਦੇ ਜਾਂਚ ਅਧਿਕਾਰੀ ਯਾਦਵ ਵੱਲੋਂ ਵਾਰ-ਵਾਰ ਖ਼ਾਲਿਸਤਾਨ ਸਬੰਧੀ ਸਵਾਲ ਕੀਤੇ ਜਾ ਰਹੇ ਸਨ, ਜਦਕਿ ਉਨ੍ਹਾਂ ਕਦੇ ਵੀ ਅਜਿਹਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸਾਡੇ ਰਿਸ਼ਤੇਦਾਰਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ ਭਿੰਡਰ ਸਮੇਤ ਸਮਰਥਕ ਮੌਜੂਦ ਸਨ।
ਉੱਧਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਐੱਨ.ਆਈ.ਏ. ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇ ਮਾਰੇ ਜਾਣ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਿੱਖ ਕੌਮ ਹੋਂਦ ਵਿਚ ਆਈ ਹੈ, ਉਦੋਂ ਤੋਂ ਸਿੱਖਾਂ ਖ਼ਿਲਾਫ਼ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਵੀ ਇਸੇ ਕੜੀ ਦਾ ਹਿੱਸਾ ਹੈ। ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇਸ਼ ਦੇ ਸੰਵਿਧਾਨ ਮੁਤਾਬਕ ਲੋਕਾਂ ਦੇ ਨੁਮਾਇੰਦੇ ਚੁਣੇ ਗਏ ਹਨ ਪਰ ਸਰਕਾਰਾਂ ਨੇ ਉਨ੍ਹਾਂ ‘ਤੇ ਐੱਨ.ਐੱਸ.ਏ. ਲਗਾ ਕੇ ਉਨ੍ਹਾਂ ਨੂੰ ਅਜੇ ਤੱਕ ਜੇਲ੍ਹ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ‘ਤੇ ਐੱਨ.ਐੱਸ.ਏ. ਲਗਾਉਣਾ ਬਿਲਕੁਲ ਗਲਤ ਹੈ, ਉੱਥੇ ਹੀ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਵੀ ਅਤਿ ਨਿੰਦਣਯੋਗ ਹੈ।