#AMERICA

ਐਲਨ ਮਸਕ ਦੀ ਕੰਪਨੀ ਨਿਊਰੋਲਿੰਕ ਨੇ ਪਹਿਲੀ ਵਾਰ ਇਨਸਾਨੀ ਦਿਮਾਗ ‘ਚ ਲਗਾਈ Chip

ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚ ਸ਼ਾਮਲ ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਨਸਾਨ ਵਿਚ ਬ੍ਰੇਨ ਚਿੱਪ ਲਗਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਹਿਲੇ ਮਨੁੱਖੀ ਰੋਗੀ ਨੂੰ ਬ੍ਰੇਨ ਚਿੱਪ ਇਲਾਜ ਦਿੱਤਾ ਗਿਆ ਜੋ ਕਿ ਸਫਲ ਰਿਹਾ ਤੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਐਲਨ ਮਸਕ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੁਰੂਆਤੀ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ ਤੇ ਇਹ ਨਿਊਰਾਨ ਸਪਾਈਕ ਦਾ ਪਤਾ ਲਾਉਣ ਦੀ ਉਮੀਦ ਜਗਾਉਂਦੇ ਦਿਖਦੇ ਹਨ। ਮਸਕ ਨੇ ਕਿਹਾ ਕਿ ਨਿਊਰਾਲਿੰਕ ਦੇ ਪਹਿਲੇ ਪ੍ਰੋਡਕਟ ਨੂੰ ਟੈਲੀਪੈਥੀ ਕਿਹਾ ਜਾਵੇਗਾ। ਕੰਪਨੀ ਨੇ ਕਿਹਾ ਕਿ ਉਸ ਦਾ ਮਕਸਦ ਨਿਊਰੋਲਾਜਿਕਲ ਵਿਕਾਰ ਨਾਲ ਪੀੜਤ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਹੈ।
ਮਸਕ ਨੇ 2016 ‘ਚ ਨਿਊਰੋਟੈਕਨਾਲੋਜੀ ਕੰਪਨੀ ਨਿਊਰਾਲਿੰਕ ਸਟਾਰਟਅੱਪ ਸ਼ੁਰੂ ਕੀਤੀ ਸੀ, ਜੋ ਦਿਮਾਗ ਤੇ ਕੰਪਿਊਟਰ ਦੇ ਵਿਚ ਸਿੱਧੇ ਸੰਚਾਰ ਚੈਨਲ ਬਣਾਉਣ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਕ ਅਜਿਹੀ ਚਿੱਪ ਬਣਾਈ ਹੈ, ਜਿਸ ਨੂੰ ਸਰਜਰੀ ਜ਼ਰੀਏ ਇਨਸਾਨੀ ਦਿਮਾਗ ਦੇ ਅੰਦਰ ਪਾਇਆ ਜਾਵੇਗਾ। ਇਹ ਇਕ ਤਰ੍ਹਾਂ ਤੋਂ ਇਨਸਾਨ ਦੇ ਦਿਮਾਗ ਦੀ ਤਰ੍ਹਾਂ ਕੰਮ ਕਰੇਗੀ। ਇਸ ਦਾ ਇਸਤੇਮਾਲ ਦਿਮਾਗ ਤੇ ਨਰਵਸ ਸਿਸਟਮ ਦੇ ਡਿਸਆਰਡਰ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੀਤਾ ਜਾ ਸਕੇਗਾ। ਆਸਾਨ ਸ਼ਬਦਾਂ ਵਿਚ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਤੋਂ ਸਰੀਰ ਦੇ ਕਈ ਦੂਜੇ ਅੰਗਾਂ ਦੇ ਕੰਮ ਬੰਦ ਕਰ ਦੇਣ ‘ਤੇ ਉਨ੍ਹਾਂ ਦਾ ਟਰਾਂਸਪਲਾਂਟ ਹੁੰਦਾ ਹੈ, ਇਹ ਇਕ ਹੱਦ ਤੱਕ ਉਸੇ ਤਰ੍ਹਾਂ ਤੋਂ ਦਿਮਾਗ ਦਾ ਟ੍ਰਾਂਸਪਲਾਂਟ ਹੈ।
ਨਿਊਰਾਲਿੰਕ ਨੂੰ ਬੀਤੇ ਸਾਲ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨਾਲ ਇਨਸਾਨ ਦੇ ਦਿਮਾਗ ਟਰਾਂਸਪਲਾਂਟ ਦਾ ਪ੍ਰੀਖਣ ਕਰਨ ਦੀ ਮਨਜ਼ੂਰੀ ਮਿਲੀ ਸੀ। ਨਿਊਰਾਲਿੰਕ ਆਪਣੇ ਮਾਈਕ੍ਰੋਚਿਪਸ ਦਾ ਇਸਤੇਮਾਲ ਅਧਰੰਗ ਅਤੇ ਅੰਨ੍ਹੇਪਣ ਵਰਗੀਆਂ ਸਥਿਤੀਆਂ ਦਾ ਇਲਾਜ ਕਰਨ ਅਤੇ ਕੁਝ ਅਸਮਰੱਥਤਾਵਾਂ ਵਾਲੇ ਲੋਕਾਂ ਦੀ ਕੰਪਿਊਟਰ ਅਤੇ ਮੋਬਾਈਲ ਤਕਨਾਲੋਜੀ ਦੀ ਵਰਤੋਂ ਕਰਨ ਵਿਚ ਮਦਦ ਕਰਨ ਬਾਰੇ ਗੱਲ ਕਰਦਾ ਹੈ। ਇਨਸਾਨਾਂ ਤੋਂ ਪਹਿਲਾਂ ਇਨ੍ਹਾਂ ਚਿਪਸ ਦਾ ਪ੍ਰੀਖਣ ਬੰਦਰਾਂ ਵਿਚ ਕੀਤਾ ਗਿਆ। ਇਨ੍ਹਾਂ ਚਿਪਸ ਨੂੰ ਦਿਮਾਗ ਵਿਚ ਪੈਦਾ ਸੰਕੇਤਾਂ ਦੀ ਵਿਆਖਿਆ ਕਰਨ ਤੇ ਬਲੂਟੁੱਥ ਰਾਹੀਂ ਉਪਕਰਨਾਂ ਤੱਕ ਜਾਣਕਾਰੀ ਰਿਲੇਅ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।