#AMERICA

ਐਲਕ ਗਰੋਵ ਸਿਟੀ ਵੱਲੋਂ ਨਵੰਬਰ ਸਿੱਖ ਜਾਗਰੂਕਤਾ ਮਹੀਨਾ ਘੋਸ਼ਿਤ

ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਊਂਟੀ ਦੇ ਸ਼ਹਿਰ ਐਲਕ ਗਰੋਵ ਸਿਟੀ ਵੱਲੋਂ ਨਵੰਬਰ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਿਟੀ ਕੌਂਸਲ ਮੀਟਿੰਗ ਦੌਰਾਨ ਇਕ ਪਰੋਕਲਾਮੇਸ਼ਨ ਜਾਰੀ ਕੀਤਾ ਗਿਆ, ਜਿਸ ਵਿਚ ਸਿੱਖਾਂ ਵੱਲੋਂ ਅਮਰੀਕਾ ਵਿਚ ਪਾਏ ਆਪਣੇ ਵੱਡਮੁੱਲੇ ਯੋਗਦਾਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਪਰੋਕਲਾਮੇਸ਼ਨ ਨੂੰ ਪੜ੍ਹਦਿਆਂ ਕੌਂਸਲ ਮੈਂਬਰ ਰੋਡ ਬਰਿਊਅਰ ਨੇ ਕਿਹਾ ਕਿ ਸਿੱਖਾਂ ਦਾ ਅਮਰੀਕਾ ਵਿਚ ਅਹਿਮ ਯੋਗਦਾਨ ਹੈ ਅਤੇ ਸਿੱਖਾਂ ਨੇ ਅਮਰੀਕਾ ਵਿਚ ਰਹਿ ਕੇ ਸਥਾਨਕ ਅਰਥਚਾਰੇ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਪਰੋਕਲਾਮੇਸ਼ਨ ਵਿਚ ਸਿੱਖ ਧਰਮ ਦੀ ਵਡਿਆਈ ਵੀ ਕੀਤੀ ਗਈ।
ਇਸ ਦੌਰਾਨ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਭਾਵੇਂ ਕਿ ਸਿੱਖਾਂ ਨੇ ਅਮਰੀਕਾ ਵਿਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਹੈ। ਪਰ ਹਾਲੇ ਤੱਕ ਸਿੱਖ ਕੌਮ ਦੀ ਪਹਿਚਾਣ ਅਮਰੀਕਾ ਵਿਚ ਨਹੀਂ ਬਣੀ ਹੈ, ਜਿਸ ਵੱਲ ਸਥਾਨਕ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਕੌਂਸਲ ਮੈਂਬਰ ਡੈਰਨ ਸਿਊਨ, ਕੌਂਸਲ ਮੈਂਬਰ ਰੋਡ ਬਰਿਊਅਰ ਅਤੇ ਕੌਂਸਲ ਮੈਂਬਰ ਸਰਜੀਓ ਰੋਬਲਸ ਨੇ ਪਰੋਕਲਾਮੇਸ਼ਨ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸੌਂਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਢਿੱਲੋਂ, ਅਮਰਦੀਪ ਸਿੰਘ, ਬਲਜੀਤ ਸਿੰਘ ਗਿੱਲ, ਪਾਲ ਧਾਲੀਵਾਲ, ਸੁਖਦੇਵ ਸਿੰਘ ਹੁੰਦਲ, ਜਸਮੇਲ ਸਿੰਘ ਚਿੱਟੀ, ਇਕਬਾਲ ਸਿੰਘ ਚੌਹਾਨ, ਗੁਰਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ।