#AMERICA

ਐਲਕ ਗਰੋਵ ਸਿਟੀ ’ਚ ਵੈਟਰਨਸ ਡੇਅ ਸਮਾਰੋਹ ਮੌਕੇ ਸਿੱਖਾਂ ਨੇ ਕੀਤੀ ਰਿਕਾਰਡਤੋੜ ਸ਼ਮੂਲੀਅਤ

-ਸਿੱਖ ਭਾਈਚਾਰੇ ਵੱਲੋਂ ਇਸ ਪਰੇਡ ’ਚ 5 ਫਲੋਟ ਕੀਤੇ ਗਏ ਸ਼ਾਮਲ
ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਐਲਕ ਗਰੋਵ ਸਿਟੀ ਵੱਲੋਂ ਪਿਛਲੇ ਲਮੇਂ ਸਮੇਂ ਤੋਂ ਹਰ ਸਾਲ ਵੈਟਰਨਸ ਡੇਅ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।
ਸਿੱਖ ਭਾਈਚਾਰੇ ਵੱਲੋਂ ਵੈਟਰਨਸ ਡੇਅ ਪਰੇਡ ’ਚ ਹਰ ਸਾਲ ਵਾਂਗ ਇਸ ਵਾਰ ਵੀ ਸ਼ਮੂਲੀਅਤ ਕੀਤੀ ਗਈ। ਇਸ ਵਾਰ ਖਾਸ ਗੱਲ ਇਹ ਸੀ ਕਿ ਸਿੱਖ ਭਾਈਚਾਰੇ ਵੱਲੋਂ 5 ਫਲੋਟ ਇਸ ਪਰੇਡ ਵਿਚ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਫਲੋਟਾਂ ਦੇ ਅੱਗੇ ਅਮਰੀਕਾ ਦੇ ਮੌਜੂਦਾ ਸਿੱਖ ਫੌਜੀ ਫਲਕਮੀਤ ਸਿੰਘ ਰਾਠੌਰ ਆਪਣੀ ਵਰਦੀ ’ਚ ਚੱਲ ਰਹੇ ਸਨ। ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਵਿਚ ਜੰਗ ਲੜਦਿਆਂ ਸ਼ਹੀਦ ਹੋਏ ਕਾਰਪੋਰਲ ਗੁਰਪ੍ਰੀਤ ਸਿੰਘ ਦੇ ਪਿਤਾ ਆਪਣੇ ਪਰਿਵਾਰ ਨਾਲ ਪਰੇਡ ਵਿਚ ਸ਼ਾਮਲ ਸਨ। ਫਲੋਟਾਂ ਦੀ ਅਗਵਾਈ ਗੁਰਜਤਿੰਦਰ ਸਿੰਘ ਰੰਧਾਵਾ ਨੇ ਓਪਨ ਜੀਪ ਰਾਹੀਂ ਕੀਤੀ। ਜਸਮੇਲ ਸਿੰਘ ਚਿੱਟੀ (ਫਾਈਵ ਸਟਾਰ ਟੋਇੰਗ), ਗੁਰਿੰਦਰ ਸਿੰਘ ਗੈਰੀ ਬਾਜਵਾ, ਸੁਖਦੇਵ ਸਿੰਘ ਸੰਧੂ ਨੇ ਵੀ ਫਲੋਟ ਲਿਆ ਕੇ ਵੈਟਰਨਸ ਡੇਅ ਪਰੇਡ ਦੀ ਰੌਣਕ ਨੂੰ ਵਧਾਇਆ। ਸਿੱਖ ਭਾਈਚਾਰੇ ਨੇ ਭਾਰੀ ਗਿਣਤੀ ਵਿਚ ਇਸ ਪਰੇਡ ਵਿਚ ਆਪਣੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਅਵਤਾਰ ਸਿੰਘ ਢਿੱਲੋਂ, ਡਾ. ਪਰਗਟ ਸਿੰਘ ਹੁੰਦਲ, ਜਸਵਿੰਦਰ ਸਿੰਘ ਨਾਗਰਾ, ਕੁਲਦੀਪ ਸਿੰਘ ਜੌਹਲ, ਡਾ. ਭਾਵਿਨ ਪਾਰਖ, ਸੋਨੂੰ ਹੁੰਦਲ, ਦਲਜੀਤ ਢਾਂਡਾ, ਬਲਰਾਜ ਸਿੰਘ ਨਾਗਰਾ, ਕੁਲਵਿੰਦਰ ਸਿੰਘ, ਸਤਵੰਤ ਕੌਰ, ਨਿਰਮਲਜੀਤ ਕੌਰ ਰੰਧਾਵਾ, ਮਨਪ੍ਰੀਤ ਕੌਰ, ਸੋਨੂੰ ਹੁੰਝਣ (ਚਿੱਟੀ) ਵੀ ਹਾਜ਼ਰ ਸਨ।
ਇਸ ਦੌਰਾਨ ਕਾਊਂਟੀ ਸੁਪਰਵਾਈਜ਼ਰ ਪੈਟ ਹਿਊਮ, ਅਸੈਂਬਲੀ ਮੈਂਬਰ ਸਟੈਫਨੀ ਨਿਊਨ, ਕੌਂਸਲ ਮੈਂਬਰ ਡੈਰਨ ਸਿਊਨ, ਕੌਂਸਲ ਮੈਂਬਰ ਕੈਵਿਨ ਸਪੀਸ ਅਤੇ ਕੌਂਸਲ ਮੈਂਬਰ ਸਰਜੀਓ ਰੋਬਲਸ ਨੇ ਸਿੱਖ ਕੌਮ ਦਾ ਇਸ ਪਰੇਡ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਵਾਰ ਵੀ ਇਸ ਪਰੇਡ ਵਿਚ ਜਿੱਥੇ ਅਮਰੀਕਨ ਫੌਜ ਦੇ ਸਾਬਕਾ ਫੌਜੀਆਂ ਨੇ ਹਿੱਸਾ ਲਿਆ, ਉਥੇ ਹੋਰ ਵੀ ਬਹੁਤ ਸਾਰੇ ਫਲੋਟ ਇਸ ਵਿਚ ਸ਼ਾਮਲ ਸਨ, ਜਿਨ੍ਹਾਂ ਵਿਚ ਵੱਖ-ਵੱਖ ਸਕੂਲਾਂ ਦੇ ਬੈਂਡ ਵੈਟਰਨਸ ਡੇਅ ਪਰੇਡ ਦੀ ਰੌਣਕ ਨੂੰ ਵਧਾ ਰਹੇ ਸਨ।¿;
ਇਸ ਮੌਕੇ ਬੋਲਦਿਆਂ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਅਮਰੀਕਾ ਵਿਚ ਰਹਿੰਦਿਆਂ ਇਥੋਂ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਆਪਣੀ ਸਿੱਖੀ ਪਹਿਚਾਣ ਬਣਾ ਸਕੀਏ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੈਟਰਨਸ ਡੇਅ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ ਵੱਲੋਂ ਲੜੀਆਂ ਜੰਗਾਂ ਵਿਚ ਬਹਾਦਰੀ ਦਿਖਾਉਣ ਵਾਲੇ ਫੌਜੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀਆਂ ਦੇਣ ਵਜੋਂ ਵੈਟਰਨਸ ਡੇਅ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ।