ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਜਨਤਾ ਸੇਵਾ ਗਰੁੱਪ ਅਤੇ ਸਿਟੀ ਦੀਵਾਲੀ ਲੌਜਿਸਟਿਕ ਟੀਮ ਵੱਲੋਂ ਦੀਵਾਲੀ ਸਮਾਗਮ ‘ਫੈਸਟੀਵਲ ਆਫ ਲਾਈਟ’ ਦੇ ਨਾਂ ਹੇਠ ਕਰਵਾਇਆ ਗਿਆ। ਇਸ ਨੂੰ ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਐਂਡ ਇਨਕਲਿਊਜ਼ਨ ਕਮਿਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਕਮਿਸ਼ਨਰ ਡਾ. ਭਾਵਿਨ ਪਾਰਿਖ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ। ਉਪਰੰਤ ਡਾਇਵਰਸਿਟੀ ਐਂਡ ਇਨਕਲਿਊਜ਼ਨ ਕਮਿਸ਼ਨ ਦੇ ਕਮਿਸ਼ਨਰਾਂ ਨੂੰ ਸਟੇਜ ’ਤੇ ਆਉਣ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਵਿਚ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਟੀਨਾ ਲੀ, ਜਿੰਕੀ ਡਾਲਰ, ਮਾਈਕਲ ਹਿਲ, ਜੈਸਿਕਾ ਕਾਰਟਰ ਵੀ ਸ਼ਾਮਲ ਸੀ।
ਇੰਟਰਫੇਥ ਕੌਂਸਲ ਐਲਕ ਗਰੋਵ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੈਕਰਾਮੈਂਟੋ ਕਾਊਂਟੀ ਸੁਪਰਵਾਈਜ਼ਰ ਪੈਟ ਹਿਊਮ, ਕੌਂਸਲ ਮੈਂਬਰ ਡੈਰਿਨ ਸਿਊਨ, ਕੌਂਸਲ ਮੈਂਬਰ ਸਰਜੀਓ ਰੋਬਲਸ ਆਦਿ ਅਮਰੀਕੀ ਆਗੂ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਡਾਂਸ, ਮਿਊਜ਼ਿਕ, ਗਿੱਧੇ ਆਦਿ ਪੇਸ਼ ਕੀਤੇ ਗਏ। ਭਾਰੀ ਗਿਣਤੀ ਵਿਚ ਮਹਿਮਾਨ ਇਸ ਸਮਾਗਮ ਨੂੰ ਦੇਖਣ ਆਏ ਹੋਏ ਸਨ। ਕੁੱਝ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।