-2030 ਤੱਕ 10 ਲੱਖ ਨੌਕਰੀਆਂ ਪੈਦਾ ਕਰਨ ਦਾ ਵੀ ਦਾਅਵਾ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਈ-ਕਾਮਰਸ ਕੰਪਨੀ ਐਮਾਜ਼ੋਨ ਭਾਰਤ ‘ਚ ਆਪਣੇ ਸਾਰੇ ਕਾਰੋਬਾਰਾਂ ‘ਚ 2030 ਤੱਕ 35 ਅਰਬ ਡਾਲਰ (ਕਰੀਬ 3.14 ਲੱਖ ਕਰੋੜ ਰੁਪਏ) ਦਾ ਭਾਰੀ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਐਲਾਨ ਕੰਪਨੀ ਦੇ ਐਮਾਜ਼ੋਨ ਸਿਖਰ ਸੰਮਲੇਨ ਦੌਰਾਨ ਕੀਤਾ ਗਿਆ। ਐਮਾਜ਼ੋਨ ਦੇ ਉਭਰਦੇ ਬਾਜ਼ਾਰਾਂ ਦੇ ਸੀਨੀਅਰ ਉਪ ਪ੍ਰਧਾਨ ਅਮਿਤ ਅਗਰਵਾਲ ਨੇ ਦੱਸਿਆ ਕਿ ਕੰਪਨੀ ਭਾਰਤ ‘ਚ ਏ.ਆਈ. (ਨਕਲੀ ਬੁੱਧੀ) ਆਧਾਰਿਤ ਡਿਜੀਟਲੀਕਰਨ, ਬਰਾਮਦ ‘ਚ ਤੇਜ਼ੀ ਅਤੇ ਰੋਜ਼ਗਾਰ ਪੈਦਾ ਕਰਨ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਿਤ ਕਰੇਗੀ।
ਅਗਰਵਾਲ ਅਨੁਸਾਰ ਐਮਾਜ਼ੋਨ ਦਾ ਟੀਚਾ ਹੈ ਕਿ ਭਾਰਤ ‘ਚ ਆਪਣੇ ਪਲੇਟਫ਼ਾਰਮ ਦੇ ਮਾਧਿਅਮ ਨਾਲ ਹੋਣ ਵਾਲੀ ਬਰਾਮਦ ਨੂੰ ਮੌਜੂਦਾ 20 ਅਰਬ ਡਾਲਰ ਤੋਂ ਵਧਾ ਕੇ 80 ਅਰਬ ਡਾਲਰ ਤੱਕ ਪਹੁੰਚਾਇਆ ਜਾਵੇ। ਇਸ ਦੇ ਨਾਲ ਹੀ ਕੰਪਨੀ 2030 ਤੱਕ 10 ਲੱਖ ਵਾਧੂ ਨੌਕਰੀਆਂ ਪੈਦਾ ਕਰਨ ਦਾ ਵੀ ਟੀਚਾ ਰੱਖਦੀ ਹੈ, ਜਿਸ ‘ਚ ਪ੍ਰਤੱਖ, ਅਪ੍ਰਤੱਖ, ਮੌਸਮੀ ਅਤੇ ਪ੍ਰੇਰਿਤ ਰੋਜ਼ਗਾਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਐਮਾਜ਼ੋਨ ਨੇ 2010 ਤੋਂ ਹੁਣ ਤੱਕ ਭਾਰਤ ‘ਚ 40 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਜਨਤਕ ਰੂਪ ਨਾਲ ਉਪਲੱਬਧ ਅੰਕੜਿਆਂ ਦੇ ਹਵਾਲੇ ਨਾਲ ਜਾਰੀ ਇਕ ਰਿਪੋਰਟ ਅਨੁਸਾਰ ਇਹ ਭਾਰਤ ‘ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੈ। ਅਗਰਵਾਲ ਨੇ ਦੱਸਿਆ ਕਿ ਮਈ 2023 ‘ਚ ਐਮਾਜ਼ੋਨ ਨੇ ਤੇਲੰਗਾਨਾ ਅਤੇ ਮਹਾਰਾਸ਼ਟਰ ‘ਚ ਆਪਣੇ ਸਥਾਨਕ ਕਲਾਊਡ ਅਤੇ ਏ.ਆਈ. ਮੁੱਢਲੇ ਢਾਂਚੇ ‘ਚ 2030 ਤੱਕ ਭਾਰਤ ‘ਚ 12.7 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਕੰਪਨੀ 2016 ਅਤੇ 2022 ਦੇ ਵਿਚਕਾਰ ਭਾਰਤ ‘ਚ ਪਹਿਲਾਂ ਹੀ 3.7 ਅਰਬ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।
ਐਮਾਜ਼ੋਨ ਦੀ ਨਿਵੇਸ਼ ਯੋਜਨਾ ਮਾਈਕ੍ਰੋਸਾਫ਼ਟ ਦੀ 17.5 ਅਰਬ ਡਾਲਰ ਦੀ ਨਿਵੇਸ਼ ਯੋਜਨਾ ਤੋਂ ਦੁੱਗਣੀ ਅਤੇ 2030 ਤੱਕ ਗੂਗਲ ਦੀ 15 ਅਰਬ ਡਾਲਰ ਦੀ ਨਿਵੇਸ਼ ਯੋਜਨਾ ਤੋਂ ਲਗਭਗ 2.3 ਗੁਣਾ ਹੈ। ਅਗਰਵਾਲ ਨੇ ਕਿਹਾ ਕਿ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਗਿਆ ਹੈ। ਇਸ ‘ਚ ਪੂਰਤੀ ਕੇਂਦਰ, ਆਵਾਜਾਈ ਨੈੱਟਵਰਕ, ਡਾਟਾ ਕੇਂਦਰ, ਡਿਜੀਟਲ ਭੁਗਤਾਨ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਵਿਕਾਸ਼ ਸ਼ਾਮਲ ਹਨ।
ਉਕਤ ਰਿਪੋਰਟ ਅਨੁਸਾਰ ਐਮਾਜ਼ੋਨ ਨੇ 1 ਕਰੋੜ 20 ਲੱਖ ਤੋਂ ਵੱਧ ਛੋਟੇ ਕਾਰੋਬਾਰਾਂ ਦਾ ਡਿਜੀਟਲੀਕਰਨ ਕੀਤਾ ਹੈ ਅਤੇ 20 ਅਰਬ ਡਾਲਰ ਦੀ ਈ-ਕਾਮਰਸ ਬਰਾਮਦ ਨੂੰ ਸਮਰੱਥ ਬਣਾਇਆ ਹੈ, ਜਦਕਿ 2024 ‘ਚ ਭਾਰਤ ‘ਚ ਵੱਖ-ਵੱਖ ਉਦਯੋਗਾਂ ‘ਚ ਕਰੀਬ 28 ਲੱਖ ਪ੍ਰਤੱਖ, ਅਪ੍ਰੱਤਖ, ਪ੍ਰੇਰਿਤ ਅਤੇ ਮੌਸਮੀ ਨੌਕਰੀਆਂ ਦਾ ਸਮਰਥਨ ਕੀਤਾ ਹੈ। ਭਾਰਤ ‘ਚ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਐਮਾਜ਼ੋਨ ਨੇ ਮੁੜ ਨਿਰਮਾਣ ਕੇਂਦਰਿਤ ਪਹਿਲ ‘ਐਕਸਲਰੇਟ ਐਕਸਪੋਰਟਸ’ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਡਿਜੀਟਲ ਉੱਦਮੀਆਂ ਨੂੰ ਭਰੋਸੇਯੋਗ ਨਿਰਮਾਤਾਵਾਂ ਨਾਲ ਜੋੜਨਾ ਅਤੇ ਨਿਰਮਾਤਾਵਾਂ ਨੂੰ ਸਫ਼ਲ ਵਿਸ਼ਵ ਵਿਕਰੇਤਾ ਬਣਾਉਣ ਦੇ ਸਮਰੱਥ ਬਣਾਉਣਾ ਹੈ। ਇਸ ਤਹਿਤ ਐਮਾਜ਼ੋਨ ਭਾਰਤ ‘ਚ 10 ਤੋਂ ਵੱਧ ਮੁੜ ਨਿਰਮਾਣ ਸਮੂਹਾਂ ‘ਚ ਜ਼ਮੀਨੀ ਪੱਧਰ ‘ਤੇ ‘ਆਨਬੋਰਡਿੰਗ’ ਮੁਹਿੰਮ ਸ਼ੁਰੂ ਕਰੇਗਾ, ਜਿਸ ‘ਚ ਤਿਰੂਪੁਰ, ਕਾਨਪੁਰ ਅਤੇ ਸੂਰਤ ਵਰਗੇ ਸ਼ਹਿਰ ਸ਼ਾਮਲ ਹਨ।
ਐਮਾਜ਼ੋਨ ਭਾਰਤ ‘ਚ ਕਰੇਗਾ 35 ਅਰਬ ਡਾਲਰ ਦਾ ਨਿਵੇਸ਼

