#CANADA

ਐਬਸਫੋਰਡ ਵਿਚ ‘ਵਿਰਸੇ ਦੇ ਸ਼ੌਕੀਨ’ ਮੇਲੇ ‘ਚ ਹਜਾਰਾਂ ਲੋਕਾਂ ਨੇ ਪੰਜਾਬੀ ਗਾਇਕੀ ਦਾ ਆਨੰਦ ਮਾਣਿਆ

ਐਬਸਫੋਰਡ, 31 ਮਈ (ਹਰਦਮ ਮਾਨ/)- ਡਾਇਮੰਡ ਕਲਚਰਲ ਕਲੱਬ ਐਬਸਫੋਰਡ ਵੱਲੋਂ ਬੀਤੇ ਦਿਨ ਪੰਜਾਬੀ ਮੇਲਾ ‘ਵਿਰਸੇ ਦੇ ਸ਼ੌਕੀਨ’ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਗਿਆ। ਦੁਪਹਿਰ ਤੱਕ ਬਾਰਿਸ਼ ਦਾ ਮਾਹੌਲ ਹੋਣ ਦੇ ਬਾਵਜੂਦ ਵੱਡੀ ਗਿਣਤੀ ਲੋਕ ਹੁੰਮਾਹੁੰਮਾਕੇ ਆਪਣੇ ਮਹਿਬੂਬ ਗਾਇਕਾਂ ਨੂੰ ਸੁਣਨ ਲਈ ਪੁੱਜੇ। ਦੁਪਹਿਰ ਬਾਦ ਮੌਸਮ ਸਾਫ ਹੋਣ ‘ਤੇ ਮੇਲਾ ਪੂਰੀ ਤਰਾਂ ਭਰ ਗਿਆ।
ਕਲੱਬ ਦੇ ਪ੍ਰਧਾਨ ਰਾਜਾ ਗਿੱਲ ਤੇ ਸੋਨੀ ਸਿੱਧੂ ਨੇ ਮੇਲੇ ਵਿਚ ਪੁੱਜੇ ਲੋਕਾਂ ਦਾ ਹਾਰਦਿਕ ਸਵਾਗਤ ਕੀਤਾ। ਮੰਚ ਉਪਰ ਉੱਘੇ ਗਾਇਕ ਧਰਮਵੀਰ ਥਾਂਦੀ, ਹੈਪੀ ਰਾਏਕੋਟੀ, ਆਰ ਨੇਤ, ਗੁਰਵਿੰਦਰ ਬਰਾੜ, ਧੀਰਾ ਗਿੱਲ, ਕੁਲਵੰਤ ਸੇਖੋਂ, ਪ੍ਰੀਤ ਬਰਾੜ ਤੇ ਕਮਲ ਬਰਾੜ ਦੀ ਜੋੜੀ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਹਾਸਰਸ ਕਲਾਕਾਰ ਭਾਨਾ ਭਗੌੜਾ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਸਰੋਤਿਆਂ ਨੂੰ ਹਾਸਿਆਂ ਦਾ ਟੌਨਿਕ ਵੰਡਿਆ।ਪ੍ਰਬੰਧਕਾਂ ਵੱਲੋਂ ਮੇਲੇ ਦੇ ਸਪਾਂਸਰਾਂ, ਗਾਇਕ- ਕਲਾਕਾਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਪਾਰਲੀਮੈਂਟ ਮੈਂਬਰ ਬਰੈਡ ਵਿਸ, ਐਮਐਲਏ ਦੇਵ ਸਿੱਧੂ, ਪ੍ਰਸਿੱਧ ਰੇਡੀਓ ਹੋਸਟ ਹਰਜੀਤ ਗਿੱਲ, ਸਰੀ ਦੀ ਨਾਮਵਰ ਸ਼ਖ਼ਸੀਅਤ ਜੇ. ਮਿਨਹਾਸ ਨੇ ਮੇਲੇ ਵਿਚ ਸ਼ਾਮਲ ਹੋ ਕੇ ਪ੍ਰਬੰਧਕਾਂ ਦੀ ਹੌਂਸਲਾ ਅਫ਼ਜਾਈ ਕੀਤੀ।
ਕਲੱਬ ਦੇ ਪ੍ਰਧਾਨ ਰਾਜਾ ਗਿੱਲ ਨੇ ਮੇਲੇ ਦੀ ਸਫਲਤਾ ਲਈ ਵਲੰਟੀਅਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ। ਮੇਲੇ ਵਿਚ ਕੱਪੜਿਆਂ, ਗਹਿਣਿਆਂ, ਪੰਜਾਬੀ ਜੁੱਤੀਆਂ ਦੇ ਸਟਾਲ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਅਤੇ ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਲਾਈ ਸਾਹਿਤਕ ਪੁਸਤਕਾਂ ਦੀ ਪ੍ਰਦਰਸ਼ਨੀ ਨੂੰ ਨੌਜਵਾਨ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ।