#CANADA

ਐਬਟਸਫੋਰਡ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਐਬਟਸਫੋਰਡ, 29 ਅਗਸਤ (ਪੰਜਾਬ ਮੇਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਵਾਪਰੇ ਸੜਕ ਹਾਦਸੇ ‘ਚ ਗੁਰਸਿੱਖ ਪੰਜਾਬੀ ਨੌਜਵਾਨ ਬਲਕਰਨਵੀਰ ਸਿੰਘ ਖਹਿਰਾ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਉਹ 26 ਵਰ੍ਹਿਆਂ ਦਾ ਸੀ। ਖਹਿਰਾ ਪਰਿਵਾਰ ਦੇ ਨਜ਼ਦੀਕੀ ਦੋਸਤ ਕੁਲਵੰਤ ਸਿੰਘ ਬਾਪਲਾ ਨੇ ਦੱਸਿਆ ਕਿ ਬਲਕਰਨਵੀਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਨੇੜੇ ਗੋਲਡਨ ਐਵੇਨਿਊ ਤੇ ਟਰੈਥਵੇਅ ਸਟਰੀਟ ‘ਤੇ ਉਸ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਸਟਰੀਟ ਲਾਈਟ ਵਾਲੇ ਖੰਭੇ ਨਾਲ ਟਕਰਾ ਗਿਆ। ਗੰਭੀਰ ਸੱਟਾਂ ਵੱਜਣ ਕਾਰਨ ਬਲਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਲਕਰਨਵੀਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਨੇੜਲੇ ਪਿੰਡ ਮਾਂਗੇਵਾਲ ਦੇ ਬਲਵੀਰ ਸਿੰਘ ਖਹਿਰਾ ਦਾ ਹੋਣਹਾਰ ਸਪੁੱਤਰ ਸੀ ਤੇ ਚਿਲਾਬੈਕ ਦੀ ਯੂਨੀਵਰਸਿਟੀ ਆਫ਼ ਫਰੈਜ਼ਰ ਵੈਲੀ ਵਿਖੇ ਫਿਜੀਓਥਰੇਪਿਸਟ ਦੀ ਪੜ੍ਹਾਈ ਕਰ ਰਿਹਾ ਸੀ। ਬਲਕਰਨਵੀਰ ਸਿੰਘ ਖਹਿਰਾ ਦਾ ਅੰਤਿਮ ਸੰਸਕਾਰ 1 ਸਤੰਬਰ ਨੂੰ ਐਬਟਸਫੋਰਡ ‘ਚ ਕੀਤਾ ਜਾਵੇਗਾ।