ਬੀ.ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਰਹੀ ਜੇਤੂ
-ਗਰਮੀ ਦੇ ਪ੍ਰਕੋਪ ‘ਚ ਵੀ ਵੱਡੀ ਗਿਣਤੀ ‘ਚ ਖੇਡ ਪ੍ਰੇਮੀਆਂ ਦੀਆਂ ਲੱਗੀਆਂ ਰੌਣਕਾਂ
ਵੈਨਕੂਵਰ, 8 ਜੁਲਾਈ (ਮਲਕੀਤ ਸਿੰਘ/ਪੰਜਾਬ ਮੇਲ)- ਐਤਵਾਰ ਦੀ ਸ਼ਾਮ ‘ਐਬਟਸਫੋਰਡ ਕਬੱਡੀ ਕੱਲਬ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ‘ਚ ਆਯੋਜਿਤ ਕਰਵਾਏ ਗਏ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਦੌਰਾਨ ਕਰਵਾਏ ਗਏ ਫ਼ਾਈਨਲ ਕਬੱਡੀ ਮੈਚ ਦੌਰਾਨ ਬੀ.ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਜੇਤੂ ਰਹੀ, ਜਦੋਂਕਿ ਆਜ਼ਾਦ ਕਬੱਡੀ ਕਲੱਬ ਸਰੀ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਐਬਟਸਫੋਰਡ ਕਬੱਡੀ ਕਲੱਬ ਦੇ ਸਹਿਯੋਗ ਡਾਇਰੈਕਟਰ ਬਲਰਾਜ ਸਿੰਘ ਸੰਘਾ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਕ ਰੋਜ਼ਾ ਇਸ ਟੂਰਨਾਮੈਂਟ ਦੌਰਾਨ ਕਬੱਡੀ ਦੀਆਂ ਕੁੱਲ 6 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ‘ਚ ਉਕਤ ਟੀਮਾਂ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ‘ਤੇ ਰਹੀਆਂ। ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 10 ਹਜ਼ਾਰ ਡਾਲਰ ਅਤੇ ਦੂਸਰੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 8 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਅੱਜ ਦੇ ਫਾਈਨਲ ਮੈਚ ਦੌਰਾਨ ਕਬੱਡੀ ਖਿਡਾਰੀ ਰਵੀ ਦਿਉਰਾ ਹਰਿਆਣਾ ਨੂੰ ਵਧੀਆ ਰੇਡਰ ਅਤੇ ਸੀਲੂ ਹਰਿਆਣਾ ਨੂੰ ਵਧੀਆ ਜਾਫੀ ਐਲਾਨਿਆ ਗਿਆ। ਅੱਜ ਦੇ ਟੂਰਨਾਮੈਂਟ ਦੌਰਾਨ ਉੱਘੇ ਕੁਮੈਂਟਰ ਪ੍ਰੋ. ਮੱਖਣ ਸਿੰਘ ਅਤੇ ਮੱਖਣ ਅਲੀ ਦੇ ਦਿਲਕਸ਼ ਅੰਦਾਜ਼ ਨਾਲ ਕੀਤੀ ਗਈ ਕੁਮੈਂਟਰੀ ਨਾਲ ਟੂਰਨਾਮੈਂਟ ਲਗਾਤਾਰ ਦਿਲਚਸਪ ਬਣਿਆ ਨਜ਼ਰੀ ਆਇਆ। ਗਰਮੀ ਦੇ ਪ੍ਰਕੋਪ ਦੌਰਾਨ ਤਿੱਖੀ ਧੁੱਪ ‘ਚ ਵੀ ਵੱਡੀ ਗਿਣਤੀ ‘ਚ ਪਹੁੰਚੇ ਖੇਡ ਪ੍ਰੇਮੀਆਂ ਦੀ ਆਮਦ ਨਾਲ ਕਬੱਡੀ ਗਰਾਊਂਡ ‘ਚ ਸਾਰਾ ਦਿਨ ਰੌਣਕ ਵਾਲਾ ਮਾਹੌਲ ਸਿਰਜਿਆ ਰਿਹਾ।
ਹੋਰਨਾਂ ਤੋਂ ਇਲਾਵਾ ਅੱਜ ਦੇ ਇਸ ਟੂਰਨਾਮੈਂਟ ‘ਚ ਸਰੀ ਸੈਂਟਰਲ ਤੋਂ ਪੰਜਾਬੀ ਸਾਂਸਦ ਰਣਦੀਪ ਸਰਾਏ, ਇੰਗਲੈਂਡ ਤੋਂ ਉਚੇਚੇ ਤੌਰ ‘ਤੇ ਕੈਨੇਡਾ ਪੁੱਜੇ ਕਬੱਡੀ ਪ੍ਰੇਮੀ ਮੱਖਣ ਸਿੰਘ ਬਰਮਿੰਘਮ, ਗੁਰਮੀਤ ਸਿੰਘ ਮਠਾੜੂ (ਏ. ਵਨ ਰੇਲਿੰਗ), ਮਨੀ ਬਰਨਾਲਾ, ਸੁੱਖੀ, ਬੂਟਾ ਦੁਸਾਂਝ, ਮਨੀ ਚਾਹਲ, ਰਵੀ ਧਾਲੀਵਾਲ, ਸੋਨੂੰ ਬਾਠ, ਲੱਖਾ ਸਿੱਧਵਾਂ, ਇਕਬਾਲ ਸਿੰਘ ਗਾਲਿਬ, ਐੱਨ.ਡੀ. ਗਰੇਵਾਲ, ਹਰਦੀਪ ਸਿੰਘ ਢੀਂਡਸਾ, ਇੰਦਰਜੀਤ ਧੁੱਗਾ, ਵੀਰਪਾਲ ਧੁੱਗਾ, ਹਰਵਿੰਦਰ ਬਾਗੀ, ਇੰਦਰਜੀਤ ਬੱਲ ਅਤੇ ਕ੍ਰਿਪਾਲ ਸਿੰਘ ਢੱਡੇ (ਯੂਨਾਈਟਿਡ ਫ਼ਾਇਰ ਪਲੇਸ) ਆਦਿ ਕਬੱਡੀ ਪ੍ਰੇਮੀ ਹਾਜ਼ਰ ਸਨ।