ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦਾ ਨਾਂ ਵੀ ਅਮਰੀਕੀ ਸੈਕਸ ਅਪਰਾਧੀ ਜੈਫਰੀ ਐਪਸਟੀਨ ਦੇ ਮਾਮਲੇ ‘ਚ ਜੁੜ ਗਿਆ ਹੈ। ਦਰਅਸਲ ਜੈਫਰੀ ਐਪਸਟੀਨ ਦੀ ਸਹਿਯੋਗੀ ਗਿਸਲੇਨ ਮੈਕਸਵੈੱਲ ਨੇ ਦਾਅਵਾ ਕੀਤਾ ਹੈ ਕਿ ਲੰਡਨ ਵਿਚ ਇਕ ਸਮਾਗਮ ਵਿਚ ਰਾਜਕੁਮਾਰੀ ਡਾਇਨਾ ਨੂੰ ਐਪਸਟੀਨ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਕਸਵੈੱਲ ਨੇ ਕਿਹਾ ਕਿ ਇਹ ਸਮਾਗਮ ਡਾਇਨਾ ਦੀ ਕਰੀਬੀ ਦੋਸਤ ਰੋਜ਼ਾ ਮੋਂਕਟਨ ਵਲੋਂ ਆਯੋਜਿਤ ਕੀਤਾ ਗਿਆ ਸੀ।
ਉਸ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਹ ਡਾਇਨਾ ਨਾਲ ਡੇਟ ‘ਤੇ ਜਾਣ ਲਈ ਤਿਆਰ ਸੀ ਜਾਂ ਨਹੀਂ ਪਰ ਮੈਂ ਡਾਇਨਾ ਬਾਰੇ ਬੁਰਾ ਨਹੀਂ ਕਹਿਣਾ ਚਾਹੁੰਦੀ।’ ਮੈਕਸਵੈੱਲ ਇਸ ਸਮੇਂ ਨਾਬਾਲਗਾਂ ਦੀ ਸਮੱਗਲਿੰਗ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਹੀ ਹੈ। ਇਹ ਖੁਲਾਸਾ ਟਰੰਪ ਦੇ ਐਪਸਟੀਨ ਨਾਲ ਸਬੰਧਾਂ ਦੀ ਤਾਜ਼ਾ ਜਾਂਚ ਅਤੇ ਨਿਆਂ ਵਿਭਾਗ ਦੇ ਐਪਸਟੀਨ ਜਾਂਚ ਫਾਈਲਾਂ ਦੇ ਕੁਝ ਹਿੱਸਿਆਂ ਨੂੰ ਰੋਕਣ ਦੇ ਫੈਸਲੇ ਦੀ ਆਲੋਚਨਾ ਵਿਚਕਾਰ ਆਇਆ ਹੈ। ਐਪਸਟੀਨ ਦੀ ਪ੍ਰੇਮਿਕਾ ਗਿਸਲੇਨ ਮੈਕਸਵੈੱਲ ਨੂੰ 2020 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਉਦੋਂ ਤੋਂ ਜੇਲ ਵਿਚ ਹੈ। ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਦੁਆਰਾ ਹਾਲ ਹੀ ਜਾਰੀ ਕੀਤੀ ਗਈ ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਮੈਕਸਵੈੱਲ ਨੇ ਕਿਹਾ ਕਿ ਐਪਸਟੀਨ ਉਸ ਤੋਂ ਬਿਨਾਂ ਪਾਰਟੀ ਵਿਚ ਗਿਆ ਸੀ, ਇਸ ਲਈ ਉਸ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਡਾਇਨਾ ਅਤੇ ਐਪਸਟੀਨ ਮਿਲੇ ਸਨ ਜਾਂ ਨਹੀਂ ਪਰ ਇਹ ਸਮਾਗਮ ਰੋਜ਼ਾ ਮੋਂਕਟਨ ਵਲੋਂ ਆਯੋਜਿਤ ਕੀਤਾ ਗਿਆ ਸੀ।
ਐਪਸਟੀਨ ਕੇਸ ‘ਚ ਟਰੰਪ ਮਗਰੋਂ ਹੁਣ ਜੁੜਿਆ ਰਾਜਕੁਮਾਰੀ ਡਾਇਨਾ ਦਾ ਨਾਂ
