-ਪੋਸਤ ਦੇ 60 ਹਜ਼ਾਰ ਬੂਟੇ ਜ਼ਬਤ
ਵੈਨਕੂਵਰ, 15 ਅਕਤੂਬਰ (ਪੰਜਾਬ ਮੇਲ)- ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ ਚਾਰ ਪੰਜਾਬੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਖੇਤਾਂ ‘ਚੋਂ ਪੋਸਤ ਦੇ ਪਲੇ ਹੋਏ 60 ਹਜ਼ਾਰ ਬੂਟੇ ਵੀ ਜ਼ਬਤ ਕੀਤੇ ਹਨ।
ਇਹ ਪੂਰਾ ਮਾਮਲਾ ਉਦੋਂ ਪੁਲਿਸ ਦੇ ਧਿਆਨ ਵਿਚ ਆਇਆ, ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਨ੍ਹਾਂ ਦੇ ਡੋਡੇ ਬਣਨ ਲੱਗੇ। ਪੁਲਿਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ, ਤਾਂ ਉਥੋਂ ਡੋਡੇ ਪੀਸ ਕੇ ਬਣਾਈ ਭੁੱਕੀ ਅਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਵਿਚ ਮਿਲੀਆਂ।
ਪੁਲਿਸ ਨੇ ਸੁਖਦੀਪ ਧਨੋਆ (42), ਸੰਦੀਪ ਦੰਦੀਵਾਲ (33), ਗੁਰਪ੍ਰੀਤ ਸਿੰਘ (30) ਅਤੇ ਕੁਲਵਿੰਦਰ ਸਿੰਘ (40) ਖਿਲਾਫ਼ ਨਸ਼ਾ ਵਿਰੋਧੀ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਐਡਮਿੰਟਨ ਪੁਲਿਸ ਦੇ ਡਰੱਗ ਐਂਡ ਗੈਂਗ ਐਨਫੋਰਸਮੈਂਟ ਟੀਮ ਦੇ ਬੁਲਾਰੇ ਸਾਰਜੈਂਟ ਮਾਰਕੋਂ ਐਂਟੋਨੀਓ ਨੇ ਦੱਸਿਆ ਕਿ ਸ਼ਹਿਰ ਦੇ ਉੱਤਰ ਪੂਰਬੀ ਖੇਤਰ ‘ਚ 195 ਐਵੇਨਿਊ ਅਤੇ 34 ਸਟਰੀਟ ਸਥਿਤ ਫਾਰਮ ਹਾਊਸ ਵਿਚ ਨਸ਼ੇ ਵਾਲੇ ਪਾਬੰਦੀਸ਼ੁਦਾ ਬੂਟਿਆਂ ਦੀ ਖੇਤੀ ਬਾਰੇ ਪਤਾ ਲੱਗਾ ਤਾਂ ਉਸ ‘ਤੇ ਨਿਗ੍ਹਾ ਰੱਖੀ ਗਈ।
ਇਹ ਸਬੂਤ ਵੀ ਇਕੱਤਰ ਕਰ ਲਏ ਗਏ ਕਿ ਉਤਪਾਦਕਾਂ ਵਲੋਂ ਫਾਰਮ ਹਾਊਸ ਦੇ ਪਿਛਵਾੜੇ ਖੁੱਲ੍ਹੇ ਖੇਤਰ ਵਿਚ ਉਗਾਏ ਗਏ ਬੂਟੇ ਉਹ ਨਸ਼ੇੜੀਆਂ ਦੀ ਵਰਤੋਂ ਲਈ ਉਗਾਉਂਦੇ ਹਨ। ਅਦਾਲਤ ਤੋਂ ਵਰੰਟ ਲੈ ਕੇ ਜਦੋਂ ਉਨ੍ਹਾਂ ਦੇ ਫਾਰਮ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੋਂ ਵੱਡੀ ਮਾਤਰਾ ਵਿਚ ਭੁੱਕੀ ਅਤੇ ਬੀਜ (ਖਸਖਸ) ਦੀਆਂ ਪੁੜੀਆਂ ਮਿਲੀਆਂ, ਜੋ ਉਤਪਾਦਕਾਂ ਨੇ ਡੋਡੇ ਪੀਸਣ ਤੋਂ ਬਾਅਦ ਨਸ਼ੇੜੀਆਂ ਨੂੰ ਵੇਚਣ ਲਈ ਬਣਾਈਆਂ ਹੋਈਆਂ ਸੀ।
ਬੁਲਾਰੇ ਨੇ ਦੱਸਿਆ ਕਿ ਉਤਪਾਦਕਾਂ ਦੇ ਪੋਸਤ ਉਤਪਾਦਨ ਦੀ ਬਾਜ਼ਾਰੀ ਕੀਮਤ ਡੇਢ ਤੋਂ 5 ਲੱਖ ਦੱਸੀ ਜਾਂਦੀ ਹੈ। ਉਸ ਨੇ ਦੱਸਿਆ ਕਿ ਪੋਸਤ ਦੇ ਡੋਡਿਆਂ ਦੇ ਰਸ ਤੋਂ ਅਫੀਮ ਤੇ ਹੈਰੋਇਨ ਬਣਾਈ ਜਾਂਦੀ ਹੈ ਤੇ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਵੇਚਿਆ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਕੈਨੇਡਾ ਵਿਚ ਪੋਸਤ ਦੀ ਨਾਜਾਇਜ਼ ਖੇਤੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 2011 ਵਿਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਚਿਲਾਵੈਕ ਵਿਚ ਇੰਜ ਦੀ ਖੇਤੀ ਕਰਦੇ ਲੋਕ ਫੜੇ ਗਏ ਸਨ।
ਐਡਮਿੰਟਨ ‘ਚ 4 ਪੰਜਾਬੀ ਪੋਸਤ ਦੀ ਗ਼ੈਰਕਾਨੂੰਨੀ ਖੇਤੀ ਕਰਦੇ ਕਾਬੂ

