#AMERICA

ਏ.ਜੀ.ਪੀ.ਸੀ. ਵੱਲੋਂ ਕੈਲੀਫੋਰਨੀਆ ਦੇ ਮੰਦਰ ‘ਤੇ ਕੀਤੀ ਗਰੈਫਿਟੀ ਬਾਰੇ ਚਿੰਤਾ ਜ਼ਾਹਿਰ

-ਐੱਫ.ਬੀ.ਆਈ. ਤੇ ਪੁਲਿਸ ਨੂੰ ਜਾਂਚ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ
ਮਿਲਪੀਟਸ, 27 ਦਸੰਬਰ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇਵਾਰਕ/ਕੈਲੀਫੋਰਨੀਆ ਵਿਚਲੇ ਇੱਕ ਮੰਦਰ ‘ਤੇ ਕੀਤੀ ਗਰੈਫਿਟੀ ਬਾਰੇ ਫਿਕਰ ਜਤਾਉਂਦਿਆਂ ਇਸਨੂੰ ਕੈਨੇਡਾ-ਆਸਟਰੇਲੀਆ ਦੀ ਤਰਜ਼ ‘ਤੇ ਇੱਕੋ ਤਰੀਕੇ ਨਾਲ ਅਮਰੀਕਾ ਵਿਚ ਵਾਪਰਨ ਨੂੰ ਕੌਮਾਂਤਰੀ ਤੋੜ-ਭੰਨ ਦੀ ਸ਼ਰਾਰਤ ਕਹਿੰਦਿਆਂ ਐੱਫ.ਬੀ.ਆਈ. ਤੇ ਪੁਲਿਸ ਨੂੰ ਜਾਂਚ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਹੈ।
ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਮੰਦਰ ਉੱਤੇ ਵਾਹੀ ਗਈ ਗਰੈਫਿਟੀ ਨੂੰ ਇੱਕੋ ਤਰਜ਼ ‘ਤੇ ਕੀਤੀ ਕੌਮਾਂਤਰੀ ਭੰਨਤੋੜ ਦੀ ਸ਼ਰਾਰਤੀ ਕਾਰਵਾਈ ਕਹਿੰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਜਦ ਵੀ ਕਿਸੇ ਦੇਸ਼ ਵਿਚ ਖਾਲਿਸਤਾਨ ਰੈਫਰੈਂਡਮ ਦੀਆਂ ਚੋਣਾਂ ਨੇੜੇ ਹੁੰਦੀਆਂ ਹਨ, ਤਾਂ ਕਿਸੇ ਮੰਦਰ ਦੇ ਬਾਹਰ ਕੰਧਾਂ ਉੱਤੇ ਗਰੈਫਿਟੀ ਵਾਹਣ ਦੀ ਖ਼ਬਰ ਆ ਜਾਂਦੀ ਹੈ ਤੇ ਪੁਲਿਸ ਦੀ ਜਾਂਚ ਤੋਂ ਆਸਟਰੇਲੀਆ-ਕੈਨੇਡਾ ਵਿਚ ਅਜਿਹੀਆਂ ਕਾਰਵਾਈਆਂ ਝੂਠੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਪਾਇਆ ਗਿਆ ਹੈ। ਡਾ. ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਜਾਂਚ ਸਮੇਂ ਸਾਰੀ ਗੱਲ ਸਾਹਮਣੇ ਆ ਜਾਵੇਗੀ ਪਰ ਸਾਡਾ ਇਸ ਬਾਰੇ ਇਹ ਸਟੈਂਡ ਹੈ ਕਿ ਅਸੀਂ ਹਰ ਧਰਮ ਤੇ ਉਸਦੇ ਧਾਰਮਿਕ ਵਿਚਾਰਾਂ ਤੇ ਸਥਾਨਾਂ ਦਾ ਸਤਿਕਾਰ ਕਰਦੇ ਹਾਂ ਤੇ ਮਸਲੇ ਦੇ ਹੱਲ ਲਈ ਹਿੰਦੂ ਭਾਈਚਾਰੇ ਦੇ ਨਾਲ ਹਾਂ, ਇਸਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।