ਗੁਰਦਾਸਪੁਰ, 25 ਫਰਵਰੀ (ਪੰਜਾਬ ਮੇਲ)- ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ਸਥਿਤ ਪੁਲਿਸ ਚੌਕੀ ਵਿਚ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਪੁਰਾਣਾ ਸ਼ਾਲਾ ਦੇ ਖੇਤਰ ਵਿਚ ਪੁਲਿਸ ਅਤੇ ਸ਼ੱਕੀ ਵਿਅਕਤੀਆਂ ਵਿਚਕਾਰ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਦੇ ਇਕ ਮੁਲਜ਼ਮ ਰਣਜੀਤ ਦਾ ਸਵੇਰੇ-ਸਵੇਰੇ ਪੁਲਿਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ। ਦੋਸ਼ੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਐਨਕਾਊਂਟਰ ਵਾਲੀ ਥਾਂ ਤੋਂ ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਬਰਾਮਦ ਕੀਤੇ ਹਨ ਅਤੇ ਫੋਰੈਂਸਿਕ ਟੀਮਾਂ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਚੱਲ ਰਹੀ ਜਾਂਚ ਦੌਰਾਨ ਪੁਲਿਸ ਨੇ ਪਿੰਡ ਆਦੀਆਂ ਦੇ 2 ਅਤੇ ਪਿੰਡ ਆਲੀਨੰਗਲ ਦੇ 1 ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ-ਪਾਕਿ ਸਰਹੱਦ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਆਦੀਆਂ ਚੌਕੀ ਵਿਚ ਤਾਇਨਾਤ ਏ.ਐੱਸ.ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਅਸ਼ੋਕ ਕੁਮਾਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਦਾ ਪਤਾ ਉਦੋਂ ਲੱਗਿਆ, ਜਦੋਂ ਡੋਰਾਂਗਲਾ ਥਾਣੇ ਦੇ ਐੱਸ.ਐੱਚ.ਓ. ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ ਅਤੇ ਪਿੰਡ ਦੇ ਸਰਪੰਚ ਨੇ ਮੌਕੇ ‘ਤੇ ਜਾ ਕੇ ਖੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ‘ਤਹਿਰੀਕ-ਏ-ਤਾਲੀਬਾਨ ਹਿੰਦੁਸਤਾਨ’ (ਟੀ.ਟੀ.ਐੱਚ.) ਨਾਮਕ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਫਿਲਹਾਲ ਇਸ ਦਾਅਵੇ ਨੂੰ ਸ਼ੱਕੀ ਮੰਨ ਰਹੀਆਂ ਹਨ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆ ਨੇੜੇ ਇੱਕ ਪੁਲਸ ਚੌਕੀ ‘ਤੇ ਦੋ ਪੁਲਸ ਅਧਿਕਾਰੀਆਂ ਦੇ ਹਾਲ ਹੀ ‘ਚ ਹੋਏ ਕਤਲ ਨੇ ਪੂਰੇ ਖੇਤਰ ਵਿੱਚ ਹੜਕੰਪ ਮਚਾ ਦਿੱਤਾ। ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਪੰਜਾਬ ਪੁਲਸ ਦੇ ਏਐੱਸਆਈ ਗੁਰਨਾਮ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਏ.ਐੱਸ.ਆਈ. ਅਤੇ ਹੋਮਗਾਰਡ ਕਤਲ ਮਾਮਲਾ: ਪੁਲਿਸ ਵੱਲੋਂ ਇੱਕ ਦੋਸ਼ੀ ਦਾ ਐਨਕਾਊਂਟਰ

