#AMERICA

ਏ.ਆਈ. ਰਾਹੀਂ ਚੀਨ ਕਰ ਰਿਹੈ ਅਮਰੀਕੀ ਫੌਜੀ ਗਤੀਵਿਧੀਆਂ ਨੂੰ ਟ੍ਰੈਕ!

ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- ਈਰਾਨ ਨਾਲ ਜਾਰੀ ਜੰਗ ਦੇ ਵਿਚਕਾਰ ਚੀਨ ਵੱਲੋਂ ਅਮਰੀਕੀ ਫੌਜ ਦੀਆਂ ਗੁਪਤ ਹਰਕਤਾਂ ਨੂੰ ਬੇਪਰਦ ਕਰਨ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਚੀਨੀ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਓਪਨ-ਸੋਰਸ ਡਾਟਾ ਦੀ ਵਰਤੋਂ ਕਰਕੇ ਮੱਧ ਪੂਰਬ ਵਿਚ ਅਮਰੀਕੀ ਫੌਜੀ ਗਤੀਵਿਧੀਆਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀਆਂ ਹਨ। ਇਸ ਘਟਨਾਕ੍ਰਮ ਨੇ ਵਾਸ਼ਿੰਗਟਨ ਵਿਚ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਹਾਲਾਂਕਿ ਚੀਨ ਨੇ ਜਨਤਕ ਤੌਰ ‘ਤੇ ਆਪਣੇ ਆਪ ਨੂੰ ਟਕਰਾਅ ਤੋਂ ਦੂਰ ਕਰ ਲਿਆ ਹੈ।
ਰਿਪੋਰਟ ਅਨੁਸਾਰ ਵੱਡੀ ਗਿਣਤੀ ਵਿਚ ਚੀਨੀ ਨਿੱਜੀ ਕੰਪਨੀਆਂ ਅਜਿਹੇ ਇੰਟੈਲੀਜੈਂਸ ਟੂਲਸ ਦੀ ਮਾਰਕੀਟਿੰਗ ਕਰ ਰਹੀਆਂ ਹਨ, ਜੋ ਅਮਰੀਕੀ ਫੌਜਾਂ ਦੀ ਮੌਜੂਦਗੀ ਅਤੇ ਉਨ੍ਹਾਂ ਦੀ ਹਰਕਤ ਨੂੰ ‘ਐਕਸਪੋਜ਼’ (ਬੇਪਰਦ) ਕਰਨ ਦਾ ਦਾਅਵਾ ਕਰਦੇ ਹਨ। ਇਹ ਕੰਪਨੀਆਂ ਏ.ਆਈ. ਨੂੰ ਸੈਟੇਲਾਈਟ ਤਸਵੀਰਾਂ, ਫਲਾਈਟ ਟਰੈਕਰਾਂ ਅਤੇ ਸ਼ਿਪਿੰਗ ਜਾਣਕਾਰੀ ਵਰਗੇ ਜਨਤਕ ਤੌਰ ‘ਤੇ ਉਪਲਬਧ ਡਾਟਾ ਨਾਲ ਜੋੜ ਰਹੀਆਂ ਹਨ। ਇਸ ਰਾਹੀਂ ਅਮਰੀਕੀ ਜੰਗੀ ਬੇੜਿਆਂ, ਜਹਾਜ਼ਾਂ ਦੀ ਸਥਿਤੀ ਅਤੇ ਫੌਜੀ ਬੇਸਾਂ ਦੀਆਂ ਗਤੀਵਿਧੀਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਤਿਆਰ ਕੀਤਾ ਜਾ ਰਿਹਾ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਕਈ ਕੰਪਨੀਆਂ ਦੇ ਸਬੰਧ ਸਿੱਧੇ ਤੌਰ ‘ਤੇ ਚੀਨ ਦੇ ਫੌਜੀ ਸਿਸਟਮ ਨਾਲ ਹਨ। ਇਹ ਬੀਜਿੰਗ ਦੀ ਉਸ ਰਣਨੀਤੀ ਦਾ ਹਿੱਸਾ ਹਨ, ਜਿਸ ਤਹਿਤ ਨਿੱਜੀ ਖੇਤਰ ਦੀ ਨਵੀਨਤਾ ਨੂੰ ਰੱਖਿਆ ਸਮਰੱਥਾ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਅਮਰੀਕੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਆਧੁਨਿਕ ਟੂਲ ਭਵਿੱਖ ਦੇ ਸੰਘਰਸ਼ਾਂ ਵਿਚ ਅਮਰੀਕਾ ਲਈ ਆਪਣੀਆਂ ਫੌਜੀ ਹਰਕਤਾਂ ਨੂੰ ਗੁਪਤ ਰੱਖਣਾ ਹੋਰ ਵੀ ਮੁਸ਼ਕਲ ਬਣਾ ਦੇਣਗੇ।
ਅਮਰੀਕੀ ਸੰਸਦ ਮੈਂਬਰਾਂ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਚੀਨ ਬਾਰੇ ਹਾਊਸ ਸਿਲੈਕਟ ਕਮੇਟੀ ਨੇ ਇੱਕ ਬਿਆਨ ਵਿਚ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀਆਂ ਕੰਪਨੀਆਂ ਏ.ਆਈ. ਨੂੰ ਅਮਰੀਕਾ ਵਿਰੁੱਧ ਜੰਗੀ ਨਿਗਰਾਨੀ ਹਥਿਆਰ ਵਜੋਂ ਵਰਤ ਰਹੀਆਂ ਹਨ। ਇੱਕ ਚੀਨੀ ਫਰਮ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਉਹ ਅਮਰੀਕੀ ਫੌਜੀ ਗਤੀਵਿਧੀਆਂ ਨੂੰ ‘ਰੀਅਲ ਟਾਈਮ’ ਵਿਚ ਟਰੈਕ ਕਰ ਸਕਦੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਇਸ ਮਾਮਲੇ ਵਿਚ ਦੋਹਰੀ ਨੀਤੀ ਅਪਣਾ ਰਿਹਾ ਹੈ। ਇੱਕ ਪਾਸੇ ਬੀਜਿੰਗ ਜਨਤਕ ਤੌਰ ‘ਤੇ ਜੰਗਬੰਦੀ ਅਤੇ ਸ਼ਾਂਤੀ ਵਾਰਤਾ ਦੀ ਅਪੀਲ ਕਰਕੇ ਜੰਗ ਤੋਂ ਦੂਰੀ ਬਣਾ ਰਿਹਾ ਹੈ, ਪਰ ਦੂਜੇ ਪਾਸੇ ਉਸਦਾ ਨਿੱਜੀ ਖੇਤਰ ਇਸ ਜੰਗ ਦਾ ਫਾਇਦਾ ਉਠਾ ਕੇ ਆਪਣੀ ਖੁਫੀਆ ਸਮਰੱਥਾ ਵਧਾ ਰਿਹਾ ਹੈ। ਇਸ ਨਾਲ ਚੀਨੀ ਸਰਕਾਰ ਨੂੰ ਸਿੱਧੇ ਤੌਰ ‘ਤੇ ਜੰਗ ਵਿਚ ਸ਼ਾਮਲ ਹੋਏ ਬਿਨਾਂ ਰਣਨੀਤਕ ਲਾਭ ਮਿਲ ਰਿਹਾ ਹੈ।