#INDIA

ਏ.ਆਈ. ਦੀ ਮਦਦ ਨਾਲ ਭਾਰਤ ਤੇ ਅਮਰੀਕੀ ਚੋਣਾਂ ‘ਚ ਚੀਨ ਵੱਲੋਂ ਕੀਤੀ ਜਾ ਸਕਦੀ ਹੈ ਗੜਬੜ

ਮਾਈਕ੍ਰੋਸਾਫਟ ਵੱਲੋਂ ਦਾਅਵਾ
ਨਵੀਂ ਦਿੱਲੀ, 8 ਅਪ੍ਰੈਲ (ਪੰਜਾਬ ਮੇਲ)- ਸਾਫਟਵੇਅਰ ਖੇਤਰ ਦੀ ਪ੍ਰਮੁੱਖ ਮੰਤਰੀ ਮਾਈਕ੍ਰੋਸਾਫਟ ਨੇ ਇਕ ਬਲਾਗ ‘ਚ ਦੋਸ਼ ਲਗਾਇਆ ਹੈ ਕਿ ਭਾਰਤ ਅਤੇ ਅਮਰੀਕਾ ਵਰਗੀਆਂ ਪ੍ਰਮੁੱਖ ਅਰਥਵਿਵਸਥਾਵਾਂ ‘ਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਚੀਨ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਏ.ਆਈ. ਦੁਆਰਾ ਤਿਆਰ ਸਮੱਗਰੀ ਦੀ ਵਰਤੋਂ ਕਰ ਸਕਦਾ ਹੈ।
ਬਲਾਗ ‘ਚ ਕਿਹਾ ਗਿਆ ਹੈ ਕਿ ਇਸ ਸਾਲ ਦੁਨੀਆਂ ਭਰ ‘ਚ ਹੋਣ ਵਾਲੀਆਂ ਪ੍ਰਮੁੱਖ ਚੋਣਾਂ ‘ਚ ਖਾਸ ਤੌਰ ‘ਤੇ ਭਾਰਤ, ਦੱਖਣੀ ਕੋਰੀਆ ਅਤੇ ਅਮਰੀਕਾ ‘ਚ ਅਸੀਂ ਇਹ ਮੁਲਾਂਕਣ ਕੀਤਾ ਹੈ ਕਿ ਚੀਨ ਆਪਣੇ ਹਿੱਤਾਂ ਨੂੰ ਫਾਇਦਾ ਪਹੁੰਚਾਉਣ ਲਈ ਏ.ਆਈ. -ਜਨਰੇਟਿਡ ਕੰਟੈਂਟ ਬਣਾਏਗਾ ਅਤੇ ਉਸਦਾ ਵਿਸਤਾਰ ਕਰੇਗਾ। ਇਸ ਬਲਾਗ ਵਿੱਚ ਉੱਤਰੀ ਕੋਰੀਆ ਦੇ ਉਨ੍ਹਾਂ ਤੱਤਾਂ ਦਾ ਵੀ ਜ਼ਿਕਰ ਹੈ, ਜੋ ਸਾਈਬਰ ਧਮਕੀਆਂ ਦਿੰਦੇ ਹਨ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਚੋਣਾਂ ਨੂੰ ਨਿਸ਼ਾਨਾ ਬਣਾਉਣ ਲਈ ਕੰਮ ਕਰ ਰਹੇ ਹਨ। ਬਲਾਗ ਵਿਚ ਕਿਹਾ ਗਿਆ ਹੈ ਕਿ ਚੀਨ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਸਮੱਗਰੀ ਮੀਮਜ਼, ਵੀਡੀਓ ਅਤੇ ਆਡੀਓਜ਼ ਦੀ ਗਿਣਤੀ ਵਧਾ ਕੇ ਪ੍ਰਯੋਗ ਕਰਨਾ ਜਾਰੀ ਰੱਖੇਗਾ ਅਤੇ ਇਹ ਭਵਿੱਖ ਵਿਚ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ।
ਬਾਲੀਵੁੱਡ ਅਭਿਨੇਤਰੀ ਰਸ਼ਮੀਕਾ ਮੰਦਾਨਾ ਦੀ ਇੱਕ ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਏ.ਆਈ. ਦੁਆਰਾ ਤਿਆਰ ਕੀਤੇ ਗਏ ਡੀਪ ਫੇਕ ਦੀ ਜਾਂਚ ਕਰਨ ਲਈ ਹਰਕਤ ‘ਚ ਆਈ ਸੀ। ਗੂਗਲ ਦੇ ਏ.ਆਈ. ਪਲੇਟਫਾਰਮ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਜਿਸ ਤੋਂ ਬਾਅਦ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲਾ ਨੇ ਏ.ਆਈ. ਦੁਆਰਾ ਤਿਆਰ ਸਮੱਗਰੀ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਸ ਮਾਈਕਰੋਸਾਫਟ ਬਲਾਗ ਨੇ ਮੈਂਡਰਿਨ ਅਤੇ ਅੰਗਰੇਜ਼ੀ ਵਿਚ ਏ.ਆਈ. ਦੁਆਰਾ ਤਿਆਰ ਕੀਤੇ ਵੀਡੀਓ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਮਿਆਂਮਾਰ ਵਿਚ ਅਸ਼ਾਂਤੀ ਲਈ ਅਮਰੀਕਾ ਅਤੇ ਭਾਰਤ ਜ਼ਿੰਮੇਵਾਰ ਹਨ। ਬਲਾਗ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੂੰ ਧਮਕੀ ਦੇਣ ਵਾਲੇ ਆਰਥਿਕ ਅਤੇ ਫੌਜੀ ਹਿੱਤਾਂ ਨਾਲ ਸਬੰਧਤ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ।