#AMERICA

ਏਸ਼ਿਆਈ ਅਮਰੀਕੀ ਵੋਟਰਾਂ ਵੱਲੋਂ ਹੈਰਿਸ ‘ਤੇ ਭਰੋਸਾ!

ਸ਼ਿਕਾਗੋ ਯੂਨੀਵਰਸਿਟੀ ਦੇ ਸਰਵੇਖਣ ‘ਚ ਦਾਅਵਾ; ਡੈਮੋਕਰੈਟਿਕ ਉਮੀਦਵਾਰ ਟਰੰਪ ਤੋਂ 38 ਅੰਕਾਂ ਨਾਲ ਅੱਗੇ
ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਏਸ਼ਿਆਈ ਅਮਰੀਕੀ ਵੋਟਰਾਂ ਨੇ ਅਮਰੀਕਾ ‘ਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ‘ਤੇ ਵੱਧ ਭਰੋਸਾ ਦਿਖਾਇਆ ਹੈ। ਨਵੇਂ ਸਰਵੇਖਣ ਵਿਚ ਇਹ ਦਾਅਵਾ ਕੀਤਾ ਗਿਆ ਹੈ। ਐੱਨ.ਓ. ਆਰ.ਸੀ. ਨੇ ਸ਼ਿਕਾਗੋ ਯੂਨੀਵਰਸਿਟੀ ਵਿਚ ਇਹ ਸਰਵੇਖਣ ਕਰਵਾਇਆ ਗਿਆ ਹੈ, ਜਿਸ ਦੇ ਨਤੀਜੇ ਮੰਗਲਵਾਰ ਨੂੰ ਜਾਰੀ ਕੀਤੇ ਗਏ। ਇਸ ਸਰਵੇਖਣ ਮੁਤਾਬਕ ਕਮਲਾ ਹੈਰਿਸ ਆਪਣੇ ਵਿਰੋਧੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਹਨ।
ਸਰਵੇਖਣ ਮੁਤਾਬਕ ਏਸ਼ਿਆਈ ਅਮਰੀਕੀ ਵੋਟਰਾਂ ਦਰਮਿਆਨ ਕਮਲਾ ਹੈਰਿਸ (59) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (78) ਤੋਂ 38 ਫੀਸਦੀ ਅੰਕਾਂ ਨਾਲ ਅੱਗੇ ਹਨ। ਅਮਰੀਕਾ ‘ਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ 66 ਫੀਸਦੀ ਏਸ਼ਿਆਈ ਅਮਰੀਕੀ ਵੋਟਰ ਕਮਲਾ ਹੈਰਿਸ ਦੇ ਪੱਖ ਵਿਚ, ਜਦਕਿ 28 ਫੀਸਦੀ ਟਰੰਪ ਦੇ ਸਮਰਥਨ ਵਿਚ ਵੋਟ ਪਾ ਸਕਦੇ ਹਨ। ਛੇ ਫੀਸਦੀ ਵੋਟਰ ਅਜਿਹੇ ਵੀ ਹਨ, ਜਿਨ੍ਹਾਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ। ਅਮਰੀਕਾ ਵਿਚ ਇਸ ਸਾਲ ਅਪ੍ਰੈਲ ਅਤੇ ਮਈ ਦਰਮਿਆਨ ਕੀਤੇ ਗਏ ਏਸ਼ਿਆਈ ਅਮਰੀਕਾ ਵੋਟਰ ਸਰਵੇਖਣ (ਏ.ਏ.ਵੀ.ਐੱਸ.) ਵਿਚ 46 ਫੀਸਦੀ ਏਸ਼ਿਆਈ ਅਮਰੀਕੀ ਵੋਟਰ ਰਾਸ਼ਟਰਪਤੀ ਬਾਇਡਨ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਸਨ, ਜਦਕਿ 31 ਫੀਸਦੀ ਵੋਟਰ ਟਰੰਪ ਦੇ ਹੱਕ ਵਿਚ ਸਨ। ਇਸ ਦੌਰਾਨ 23 ਫੀਸਦੀ ਵੋਟਰ ਅਜਿਹੇ ਵੀ ਸਨ, ਜੋ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਸਨ। ਏਸ਼ਿਆਈ ਅਮਰੀਕੀ ਵੋਟਰਾਂ ਵਿਚ ਹੈਰਿਸ ਦੀ ਹਰਮਨਪਿਆਰਤਾ ‘ਚ 18 ਅੰਕਾਂ ਦਾ ਵਾਧਾ ਹੋਇਆ ਹੈ।