#CANADA

ਏਅਰ ਕੈਨੇਡਾ ਤੇ ਪਾਇਲਟਾਂ ਵਿਚਾਲੇ ਸਮਝੌਤੇ ਦੇ ਆਸਾਰ

ਓਟਵਾ, 16 ਸਤੰਬਰ (ਪੰਜਾਬ ਮੇਲ)- ਏਅਰ ਕੈਨੇਡਾ ਅਤੇ ਪਾਇਲਟਾਂ ਦੀ ਯੂਨੀਅਨ ਵਿਚਕਾਰ ਸਮਝੌਤੇ ਦੇ ਆਸਾਰ ਬਣ ਗਏ ਹਨ। ਇਸ ਨਾਲ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨਜ਼ ‘ਚ ਹੜਤਾਲ ਟਲਣ ਦੀ ਸੰਭਾਵਨਾ ਬਣ ਗਈ ਹੈ। ਏਅਰਲਾਈਨਜ਼ ਨੇ ਐਤਵਾਰ ਤੜਕੇ ਜਾਰੀ ਬਿਆਨ ‘ਚ ਐਲਾਨ ਕੀਤਾ ਕਿ ਕੰਪਨੀ ਅਤੇ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਵਿਚਕਾਰ ਚਾਰ ਸਾਲ ਦਾ ਸਮਝੌਤਾ ਹੋਇਆ ਹੈ। ਯੂਨੀਅਨ ਮੈਂਬਰਾਂ ਅਤੇ ਏਅਰਲਾਈਨਜ਼ ਦੇ ਬੋਰਡ ਡਾਇਰੈਕਟਰਾਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਨੂੰ ਪ੍ਰਵਾਨਗੀ ਦੇਣ ਤੱਕ ਉਨ੍ਹਾਂ ਦਾ ਖ਼ੁਲਾਸਾ ਨਹੀਂ ਹੋਵੇਗਾ। ਪਾਇਲਟਾਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਏਅਰ ਕੈਨੇਡਾ ਮਾਸਟਰ ਐਗਜ਼ੀਕਿਊਟਿਵ ਕਾਊਂਸਿਲ ਨੇ 5,400 ਪਾਇਲਟਾਂ ਤਰਫ਼ੋਂ ਸਮਝੌਤੇ ਨੂੰ ਪ੍ਰਵਾਨਗੀ ਦੇਣ ਲਈ ਵੋਟ ਪਾਏ ਹਨ। ਮੈਂਬਰਾਂ ਵੱਲੋਂ ਸਮਝੌਤੇ ਦੀ ਨਜ਼ਰਸਾਨੀ ਮਗਰੋਂ ਪਾਇਲਟਾਂ ਲਈ 1.9 ਅਰਬ ਡਾਲਰ ਵਾਧੂ ਰਕਮ ਮਿਲਣ ਦੀ ਸੰਭਾਵਨਾ ਹੈ। ਕਈ ਹਫ਼ਤਿਆਂ ਤੋਂ ਚੱਲ ਰਹੀ ਗੱਲਬਾਤ ਮਗਰੋਂ ਮੁਆਵਜ਼ੇ, ਸੇਵਾਮੁਕਤੀ ਅਤੇ ਕੰਮ ਦੇ ਨੇਮਾਂ ਸਮੇਤ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ। ਫੈਡਰਲ ਲੇਬਰ ਮੰਤਰੀ ਸਟੀਵਨ ਮੈਕਕਿਨੌਨ ਨੇ ਸਮਝੌਤੇ ਦੀ ਪੁਸ਼ਟੀ ਕਰਦਿਆਂ ਕੰਪਨੀ ਅਤੇ ਯੂਨੀਅਨ ਦੀ ਸ਼ਲਾਘਾ ਕੀਤੀ। ਪਾਇਲਟਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਤਨਖ਼ਾਹ ਅਮਰੀਕੀ ਪਾਇਲਟਾਂ ਦੇ ਬਰਾਬਰ ਕੀਤੀ ਜਾਵੇ ਪਰ ਏਅਰ ਕੈਨੇਡਾ ਲਗਾਤਾਰ ਮੁਨਾਫ਼ੇ ‘ਚ ਹੋਣ ਦੇ ਬਾਵਜੂਦ ਪਾਇਲਟਾਂ ਨੂੰ ਘੱਟ ਮੁਆਵਜ਼ਾ ਲੈਣ ਲਈ ਮਜਬੂਰ ਕਰ ਰਹੀ ਸੀ। ਦੋਵੇਂ ਧਿਰਾਂ ਨੇ ਐਤਵਾਰ ਤੋਂ 72 ਘੰਟਿਆਂ ਦੀ ਹੜਤਾਲ ਜਾਂ ਲੌਕਆਊਟ ਦਾ ਨੋਟਿਸ ਦਿੱਤਾ ਸੀ ਪਰ ਹੁਣ ਇਸ ਤੋਂ ਬਚਾਅ ਹੋ ਗਿਆ ਹੈ।