#PUNJAB

ਉੱਤਰ ਪੱਛਮੀ ਭਾਰਤ ’ਚ ਸੰਘਣੀ ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਨਵੀਂ ਦਿੱਲੀ, 28 ਦਸੰਬਰ (ਪੰਜਾਬ ਮੇਲ)- ਦਿੱਲੀ ਵਿਚ ਸੰੰਘਣੀ ਧੁੰਦ ਕਾਰਨ ਜਿਥੇ ਸੜਕੀ ਆਵਾਜਾਈ ’ਤੇ ਮਾੜਾ ਅਸਰ ਪਿਆ ਉਥੇ ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ। ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਤੈਅ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਦਿੱਲੀ ਹਵਾਈ ਅੱਡੇ ‘ਤੇ 134 ਘਰੇਲੂ ਤੇ ਕੌਮਾਂਤਰੀ ਉਡਾਣਾਂ ਧੁੰਦ ਕਾਰਨ ਦੇਰੀ ਨਾਲ ਆਈਆਂ ਤੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਦਿੱਲੀ ਤੋਂ 35 ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ, ਉੱਥੇ ਹੀ 28 ਅੰਤਰਰਾਸ਼ਟਰੀ ਉਡਾਣਾਂ ਵੀ ਦੇਰੀ ਨਾਲ ਪੁੱਜੀਆਂ। ਦੂਜੇ ਪਾਸੇ 43 ਘਰੇਲੂ ਉਡਾਣਾਂ ਦੀ ਰਵਾਨਗੀ ਤੇ 28 ਦੀ ਆਮਦ ਵਿੱਚ ਦੇਰੀ ਹੋਈ। ਪਟਿਆਲਾ, ਅੰਬਾਲਾ, ਚੰਡੀਗੜ੍ਹ, ਹਰਿਆਣਾ, ਦਿੱਲੀ, ਪਾਲਮ, ਬਰੇਲੀ, ਲਖਨਊ, ਵਾਰਾਣਸੀ ਅਤੇ ਗਵਾਲੀਅਰ ਵਿੱਚ ਸੰਘਣੀ ਧੁੰਦ ਕਾਰਨ 30 ਮੀਟਰ ਤੋਂ ਘੱਟ ਦੂਰੀ ਤੱਕ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਨੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੜਕੇ ਤੇ ਦੇਰ ਸ਼ਾਮ ਨੂੰ 31 ਦਸੰਬਰ ਤੱਕ ਸੰਘਣੀ ਧੁੰਦ ਦੀ ਚੇਤਾਵਨੀ ਵੀ ਦਿੱਤੀ ਹੈ। ਸੰਘਣੀ ਧੁੰਦ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਵਿਭਾਗ ਨੇ ਡਰਾਈਵਰਾਂ ਨੂੰ ‘ਫਾਗ ਲਾਈਟਾਂ’ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।