#INDIA

ਉੱਤਰ ਕੇਂਦਰੀ ਮੁੰਬਈ ਤੋਂ ਭਾਜਪਾ ਨੇ ਉੱਜਵਲ ਨਿਕਮ ਨੂੰ ਬਣਾਇਆ ਉਮੀਦਵਾਰ

ਨਵੀਂ ਦਿੱਲੀ/ਮੁੰਬਈ, 27 ਅਪ੍ਰੈਲ (ਪੰਜਾਬ ਮੇਲ)- ਭਾਜਪਾ ਨੇ ਅੱਜ ਪ੍ਰਸਿੱਧ ਵਕੀਲ ਉੱਜਵਲ ਦੇਵਰਾਓ ਨਿਕਮ ਨੂੰ ਮੌਜੂਦਾ ਸੰਸਦ ਮੈਂਬਰ ਪੂਨਮ ਮਹਾਜਨ ਦੀ ਥਾਂ ਮੁੰਬਈ ਉੱਤਰ ਕੇਂਦਰੀ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਨਿਕਮ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ ‘ਚ ਸਰਕਾਰੀ ਵਕੀਲ ਸੀ। ਨਿਕਮ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਅਤੇ 26/11 ਦੇ ਹਮਲਿਆਂ ਤੋਂ ਬਾਅਦ ਫੜੇ ਅੱਤਵਾਦੀ ਅਜਮਲ ਕਸਾਬ ਦੇ ਮੁਕੱਦਮੇ ਵਰਗੇ ਕਈ ਮਹੱਤਵਪੂਰਨ ਮਾਮਲਿਆਂ ਵਿਚ ਵਿਸ਼ੇਸ਼ ਸਰਕਾਰੀ ਵਕੀਲ ਰਹੇ ਹਨ।
ਮਰਹੂਮ ਭਾਜਪਾ ਨੇਤਾ ਪ੍ਰਮੋਦ ਮਹਾਜਨ ਦੀ ਧੀ ਪੂਨਮ ਮਹਾਜਨ 2014 ਅਤੇ 2019 ਵਿਚ ਮੁੰਬਈ ਉੱਤਰ ਕੇਂਦਰੀ ਸੀਟ ਤੋਂ ਚੁਣੀ ਗਈ ਸੀ। ਪੂਨਮ ਭਾਜਪਾ ਦੇ ਯੂਥ ਵਿੰਗ ਦੀ ਸਾਬਕਾ ਪ੍ਰਧਾਨ ਵੀ ਹੈ। ਪਾਰਟੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜਥੇਬੰਦੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪੂਨਮ ਦੀ ਟਿਕਟ ਰੱਦ ਕੀਤੀ ਗਈ ਹੈ। ਕੁਝ ਸਮੇਂ ਤੋਂ ਅਜਿਹੇ ਸੰਕੇਤ ਮਿਲ ਰਹੇ ਸਨ ਕਿ ਇਸ ਵਾਰ ਪੂਨਮ ਮਹਾਜਨ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ।